ਗੈਂਗਸਟਰ ਕਰਨ ਲੱਗੇ ਇਕ-ਦੂਜੇ ਦੀਆਂ ਮੁੱਖਬਰੀਆਂ, ਗੋਲਡੀ ਬਰਾੜ ਆਇਆ ਅਮਰੀਕਾ ਪੁਲਿਸ ਦੇ ਅੜਿੱਕੇ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤੀ ਅਰਦਾਸ

ਗੈਂਗਸਟਰ ਕਰਨ ਲੱਗੇ ਇਕ-ਦੂਜੇ ਦੀਆਂ ਮੁੱਖਬਰੀਆਂ, ਗੋਲਡੀ ਬਰਾੜ ਆਇਆ ਅਮਰੀਕਾ ਪੁਲਿਸ ਦੇ ਅੜਿੱਕੇ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤੀ ਅਰਦਾਸ


ਚੰਡੀਗੜ੍ਹ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਕੈਨੇਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਜੋ ਕਿ ਇਸ ਸਮੇਂ ਅਮਰੀਕਾ ਵਿੱਚ ਹੈ, ਦੀ ਅਮਰੀਕਾ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਇਹ ਸਾਰੀਆਂ ਸੂਤਰਾਂ ਦੇ ਹਵਾਲੇ ਤੋਂ ਅਤੇ ਮੀਡੀਆ ਰਿਪੋਰਟਾਂ ਤੋਂ ਹੀ ਸਾਹਮਣੇ ਆ ਰਿਹਾ ਹੈ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ‘ਚ 20 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਇਸ ਪਿੱਛੇ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਤਾਂ ਉਸ ਸਮੇਂ ਹੀ ਪਤਾ ਲੱਗੇਗਾ ਜਦ ਕੈਲੀਫੋਰਨੀਆ ਪੁਲਿਸ ਜਾਂ ਫਿਰ ਪੰਜਾਬ ਪੁਲਿਸ ਤੇ ਭਾਰਤੀ ਏਜੰਸੀਆਂ ਇਸ ਸੰਬਧੀ ਕੋਈ ਬਿਆਨ ਦਿੰਦੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਤਾਂ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਫੜਾਉਣ ਵਿੱਚ ਮਦਦ ਕਰਨ ਪਿੱਛੇ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦਾ ਹੱਥ ਹੈ ਅਤੇ ਉਸ ਨੇ ਹੀ ਇਸ ਦੀ ਜਾਣਕਾਰੀ ਖੂਫੀਆਂ ਏਜੰਸੀਆਂ ਨਾਲ ਸਾਂਝੀ ਕਰ ਕੇ ਗੋਲ਼ਡੀ ਬਰਾੜ ਨੂੰ ਫੜਵਾਇਆ ਹੈ।


ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸੱਚੀ ਹੋਵੇ। ਜੇਕਰ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਇਸ ਪੂਰੇ ਮਾਮਲੇ ਦੇ ਪਿੱਛੇ ਦੇ ਚਿਹਰਿਆਂ ਦਾ ਵੀ ਪਤਾ ਲੱਗ ਜਾਵੇਗਾ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਅਨਮੋਲ ਨੂੰ ਦੁਬਈ ਵਿਚ ਹਿਰਾਸਤ ਵਿਚ ਲਿਆ ਗਿਆ ਸੀ, ਜਦੋਂ ਕਿ ਭਾਣਜੇ ਨੂੰ ਅਜ਼ਰਬਾਈਜਾਨ ਵਿਚ ਹਿਰਾਸਤ ਵਿਚ ਲਿਆ ਗਿਆ ਸੀ।


ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਭਾਰਤੀ ਏਜੰਸੀਆਂ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਨੂੰ ਭਾਰਤ ਭੇਜਿਆ ਜਾ ਸਕਦਾ ਹੈ। ਗੋਲਡੀ ਬਰਾੜ ਖਿਲਾਫ 2 ਪੁਰਾਣੇ ਮਾਮਲਿਆਂ ‘ਚ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਉਹ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਸਿਆਸੀ ਸ਼ਰਨ ਲਈ ਕੈਲੀਫੋਰਨੀਆ ਭੱਜ ਗਿਆ ਸੀ। ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਫਰਿਜ਼ਨੋ ਸ਼ਹਿਰ, ਕੈਲੀਫੋਰਨੀਆ, ਅਮਰੀਕਾ ਵਿੱਚ ਭੱਜ ਗਿਆ ਸੀ। ਉਥੇ ਜਾ ਕੇ ਉਸ ਨੇ ਦੋ ਵਕੀਲਾਂ ਦੀ ਮਦਦ ਨਾਲ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਵੀ ਕੀਤੀ। ਜੇਕਰ ਇਹ ਗੱਲ ਵੀ ਸੱਚ ਹੋਈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਫੜਵਾਉਣ ਦੇ ਪਿੱਛੇ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦਾ ਹੱਥ ਹੈ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਗੈਂਗਸਟਰਾਂ ਵਿੱਚ ਆਪਸੀ ਫੁੱਟ ਪੈ ਗਈ ਹੈ।

error: Content is protected !!