ਆਪਣੇ ਨਵ-ਜਨਮੇ ਬੱਚੇ ਦੀ ਮੌਤ ਤੋਂ ਬਾਅਦ ਮਾਂ-ਧੀ ਚੋਰੀ ਕਰ ਲਿਆਈਆਂ ਕਿਸੇ ਹੋਰ ਦਾ ਬੱਚਾ, ਇਦਾਂ ਸਾਹਮਣੇ ਆਇਆ ਸੱਚ

ਆਪਣੇ ਨਵ-ਜਨਮੇ ਬੱਚੇ ਦੀ ਮੌਤ ਤੋਂ ਬਾਅਦ ਮਾਂ-ਧੀ ਚੋਰੀ ਕਰ ਲਿਆਈਆਂ ਕਿਸੇ ਹੋਰ ਦਾ ਬੱਚਾ, ਇਦਾਂ ਸਾਹਮਣੇ ਆਇਆ ਸੱਚ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਵਿੱਚ ਬੀਤੇ ਦਿਨੀਂ ਵੂਮੈਨ ਤੇ ਚਿਲਡਰਨ ਹਸਪਤਾਲ ਵਿਖੇ ਯੂਪੀ ਨਿਵਾਸੀ ਬਬਲੀ ਦੀ ਪਤਨੀ ਪ੍ਰਮੋਦ ਕੁਮਾਰ ਨੇ 1 ਦਸੰਬਰ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਇਸ ਦੌਰਾਨ ਐਤਵਾਰ ਨੂੰ ਦੋ ਔਰਤਾਂ ਬਬਲੀ ਕੋਲ ਗਈਆਂ ਅਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਉਸ ਦਾ ਬੱਚਾ ਆਪਣੇ ਨਾਲ ਲੈ ਗਈਆਂ। ਇਸ ਤੋਂ ਬਾਅਦ ਹਸਪਤਾਲ ਵਿੱਚ ਹੜਕੰਪ ਮਚ ਗਿਆ ਅਤੇ ਸਾਰੇ ਬੱਚੇ ਨੂੰ ਲੱਭਣ ਲੱਗੇ ਪਰ ਬੱਚੇ ਦਾ ਅਤੇ ਉਹਨਾਂ ਔਰਤਾਂ ਦਾ ਕੋਈ ਵੀ ਸੁਰਾਗ ਹੱਥ ਨਾ ਲੱਗਾ ਪਰ ਅੱਜ ਪੁਲਿਸ ਨੇ ਮਾਮਲਾ ਸੁਲਝਾ ਲਿਆ ਹੈ ਅਤੇ ਬੱਚਾ ਚੋਰੀ ਕਰਨ ਵਾਲੀਆਂ ਮਾਂ-ਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚਾ ਚੋਰੀ ਕਰਨ ਤੋਂ ਬਾਅਦ ਦੋਵੇਂ ਔਰਤਾਂ ਨੇ ਸਿਵਲ ਹਸਪਤਾਲ ਤੋਂ ਹੀ ਐਕਟਿਵਾ ਸਵਾਰ ਵਿਅਕਤੀ ਤੋਂ ਲਿਫਟ ਲੈ ਲਈ ਸੀ, ਜਿਸ ਨੇ ਉਨ੍ਹਾਂ ਨੂੰ ਥਾਣੇ ਨੇੜੇ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਔਰਤਾਂ ਬੱਚੇ ਨੂੰ ਲੈ ਕੇ ਆਟੋ ਰਾਹੀਂ ਆਪਣੇ ਟਿਕਾਣੇ ਵੱਲ ਚਲੀਆਂ ਗਈਆਂ। ਸੂਤਰਾਂ ਨੇ ਦੱਸਿਆ ਕਿ ਜਾਂਚ ਕਰ ਰਹੀ ਪੁਲਿਸ ਟੀਮ ਨੇ ਪਹਿਲਾਂ ਐਕਟਿਵਾ ਸਵਾਰ ਨੂੰ ਲੱਭ ਕੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੇਰ ਰਾਤ ਤੱਕ ਆਟੋ ਚਾਲਕ ਨੂੰ ਲੱਭ ਲਿਆ।

ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਕੋਠਾ ਗੁਰੂ ਦੀ ਰਹਿਣ ਵਾਲੀ ਸਿਮਰਜੀਤ ਕੌਰ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢਿੱਡੇ ਖੁਰਦ ਦੇ ਹਰਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕਰੀਬ 4-5 ਮਹੀਨੇ ਬਾਅਦ ਹੀ ਦੋਹਾਂ ਪਤੀ-ਪਤਨੀ ‘ਚ ਝਗੜਾ ਸ਼ੁਰੂ ਹੋ ਗਿਆ। ਇਸ ਲਈ ਸਿਮਰਜੀਤ ਕੌਰ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਉਨ੍ਹਾਂ ਦੇ ਪਿੰਡ ਕੋਠਾ ਗੁਰੂ ਵਿੱਚ ਰਹਿਣ ਲੱਗ ਪਈ। ਸਿਮਰਜੀਤ ਕੌਰ ਨੇ 2 ਨਵੰਬਰ ਨੂੰ ਇਕ ਲੜਕੇ ਨੂੰ ਜਨਮ ਦਿੱਤਾ ਅਤੇ 7 ਨਵੰਬਰ ਨੂੰ ਬੱਚੇ ਦੀ ਸਿਹਤ ਅਚਾਨਕ ਵਿਗੜਨ ‘ਤੇ ਉਸ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਬੱਚੇ ਦੀ ਰਸਤੇ ਵਿਚ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਮਾਂ-ਧੀ ਨੇ ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਬੱਚੇ ਦੀ ਲਾਸ਼ ਨੂੰ ਦਫ਼ਨਾ ਦਿੱਤਾ।

ਇਸ ਮਾਮਲੇ ਦਾ ਜਦੋਂ ਸਿਮਰਜੀਤ ਕੌਰ ਦੇ ਪਤੀ ਹਰਜਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਕਿ ਉਸ ਦੀ ਪਤਨੀ ਅਤੇ ਸੱਸ ਨੇ ਉਸ ਦੇ ਬੱਚੇ ਦਾ ਕਤਲ ਕਰ ਦਿੱਤਾ ਹੈ। ਜਦੋਂ ਅਦਾਲਤ ਨੇ ਸਿਮਰਜੀਤ ਕੌਰ ਨੂੰ ਬੱਚੇ ਸਮੇਤ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜਿਆ ਤਾਂ ਸਿਮਰਜੀਤ ਨੇ ਮਾਂ ਕੁਲਵਿੰਦਰ ਕੌਰ ਨਾਲ ਮਿਲ ਕੇ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ ਤਾਂ ਜੋ ਉਹ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਸਕੇ। ਸਿਮਰਜੀਤ ਕੌਰ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਹਸਪਤਾਲ ਪਹੁੰਚੀਆਂ ਅਤੇ ਬਬਲੀ ਨਾਂ ਦੀ ਔਰਤ ਤੋਂ ਟੀਕਾ ਲਗਵਾਉਣ ਦੇ ਬਹਾਨੇ ਉਸ ਦੇ ਬੱਚੇ ਨੂੰ ਲੈ ਕੇ ਭੱਜ ਗਈਆਂ। ਪਰ ਇਹ ਸਾਰੀ ਘਟਨਾ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀਸੀਟੀਵੀ ‘ਚ ਦੇਖਿਆ ਗਿਆ ਕਿ ਮਾਂ-ਧੀ ਦੋਵੇਂ ਸਕੂਟੀ ਸਵਾਰ ਤੋਂ ਲਿਫਟ ਲੈ ਕੇ ਹਸਪਤਾਲ ਤੋਂ ਬਾਹਰ ਨਿਕਲੀਆਂ। ਸਕੂਟੀ ਤੋਂ ਉਤਰ ਕੇ ਦੋਵੇਂ ਦੋਸ਼ੀ ਔਰਤਾਂ ਆਟੋ ਕਿਰਾਏ ‘ਤੇ ਲੈ ਕੇ ਆਪਣੇ ਪਿੰਡ ਪਹੁੰਚੀਆਂ। ਪੁਲਸ ਨੇ ਆਟੋ ਚਾਲਕ ਤੋਂ ਪੁੱਛਗਿੱਛ ਦੇ ਆਧਾਰ ‘ਤੇ ਮਾਮਲੇ ਦੀ ਅਗਲੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਹੈ।

error: Content is protected !!