ਕੈਪਟਨ ਦੇ ਕਰੀਬੀ ਤੇ ਮੀਡੀਆ ਸਲਾਹਕਾਰ ਰਹੇ ਚਾਹਲ ਆਏ ਵਿਜੀਲੈਂਸ ਦੀ ਰਾਡਾਰ ‘ਤੇ

ਕੈਪਟਨ ਦੇ ਕਰੀਬੀ ਤੇ ਮੀਡੀਆ ਸਲਾਹਕਾਰ ਰਹੇ ਚਾਹਲ ਆਏ ਵਿਜੀਲੈਂਸ ਦੀ ਰਾਡਾਰ ‘ਤੇ

ਚੰਡੀਗੜ੍ਹ (ਵੀਓਪੀ ਬਿਊਰੋ) ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਵਿੱਚ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਬਕਾ ਮੰਤਰੀਆਂ ਅਤੇ ਸਿਆਸੀ ਵਿਰੋਧੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਹੀ ਇਸ ਸਮੇਂ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੇ ਘਰ ਬੁੱਧਵਾਰ ਰਾਤ ਨੂੰ ਆਈਜੀ ਮੁਖਵਿੰਦਰ ਸਿੰਘ ਛੀਨਾ, ਐਸਪੀ (ਸਿਟੀ) ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਪਹੁੰਚੀਆਂ। ਭਾਵੇਂ ਕਿਸੇ ਅਧਿਕਾਰੀ ਨੇ ਭਾਰੀ ਪੁਲੀਸ ਤਾਇਨਾਤੀ ਦਾ ਸਹੀ ਕਾਰਨ ਨਹੀਂ ਦੱਸਿਆ ਪਰ ਵਿਜੀਲੈਂਸ ਦੀ ਛਾਪੇਮਾਰੀ ਦੀ ਚਰਚਾ ਜ਼ੋਰਾਂ ’ਤੇ ਸੀ।

ਰਾਤ ਕਰੀਬ ਅੱਠ ਵਜੇ ਤੋਂ ਹੀ ਪੁਲੀਸ ਦੀਆਂ ਟੀਮਾਂ ਤਵਾਕਲੀ ਮੋੜ ਸਥਿਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਿੰਦਰ ਸਿੰਘ ਚਾਹਲ ਦੀ ਕੋਠੀ ਵਿੱਚ ਪੁੱਜਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਕੋਠੀ ਦੇ ਨਾਲ ਲੱਗਦੀਆਂ ਗਲੀਆਂ ਵਿੱਚ ਵੀ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਦੇਖਣ ਨੂੰ ਮਿਲੀ। ਭਾਵੇਂ ਆਈਜੀ ਛੀਨਾ ਕੁਝ ਦੇਰ ਮੌਕੇ ’ਤੇ ਹੀ ਰਹੇ ਜਦਕਿ ਪੁਲੀਸ ਦੀਆਂ ਟੀਮਾਂ ਦੇਰ ਰਾਤ ਤੱਕ ਕੋਠੀ ਦੇ ਅੰਦਰ ਅਤੇ ਬਾਹਰ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਪੰਜਾਬ ‘ਚ ਵਿਜੀਲੈਂਸ ਵਲੋਂ ਉਕਤ ਆਗੂਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਅਤੇ ਬ੍ਰਹਮ ਮਹਿੰਦਰਾ ਦੇ ਨਾਂ ਸ਼ਾਮਲ ਹਨ। ਚਰਚਾ ਹੈ ਕਿ ਇਸੇ ਕੜੀ ਵਿੱਚ ਵਿਜੀਲੈਂਸ ਨੇ ਕੈਪਟਨ ਦੇ ਬੇਹੱਦ ਕਰੀਬੀ ਰਹੇ ਭਰਤਇੰਦਰ ਸਿੰਘ ਚਾਹਲ ਦੇ ਘਰ ਛਾਪਾ ਮਾਰਿਆ ਹੈ। 2007 ਵਿੱਚ, ਪੰਜਾਬ ਵਿਜੀਲੈਂਸ ਬਿਊਰੋ ਨੇ ਚਾਹਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ।

error: Content is protected !!