ਹਰਸਿਮਰਤ ਕੌਰ ਬਾਦਲ ਚਲਾਉਣ ਲੱਗੀ ਬੁਲਟ ਤਾਂ ਪਿੱਛੇ ਬੈਠ ਗਿਆ ‘ਆਪ’ ਵਿਧਾਇਕ ਜਗਰੂਪ ਸਿੰਘ, ਲੋਕੀ ਕਹਿੰਦੇ…

ਬਠਿੰਡਾ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਵਿੱਚ ਮਾਹੌਲ ਉਸ ਸਮੇਂ ਦੇਖਣ ਵਾਲਾ ਬਣਿਆ ਜਦ ਕਿਸੇ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਤੇ ਬਾਦਲ ਪਰਿਵਾਰ ਦੀ ਨੂੰਹ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਆਹਮੋ-ਸਾਹਮਣੇ ਹੋ ਗਏ। ਅਕਸਰ ਹੀ ਇਕ-ਦੂਜੇ ਖਿਲਾਫ਼ ਟਿੱਪਣੀਆਂ ਕਰਨ ਵਾਲੇ ਸਿਆਸੀ ਆਗੂ ਇਸ ਦੌਰਾਨ ਬਹੁਤ ਪਿਆਰ ਨਾਲ ਇਕ ਦੂਜੇ ਨੂੰ ਮਿਲੇ ਅਤੇ ਹੱਦ ਤਾਂ ਉਸ ਸਮੇਂ ਹੋ ਗਈ ਜਦ ਬਾਦਲ ਪਰਿਵਾਰ ਦੀ ਨੂੰਹ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬੁਲਟ ਮੋਟਰਸਾਇਕਲ ਚਲਾਉਣ ਲੱਗੀ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਜਗਰੂਪ ਸਿੰਘ ਗਿੱਲ ਉਸ ਦੇ ਪਿੱਛੇ ਬੈਠ ਗਿਆ।

ਦਰਅਸਲ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਸ਼ੁੱਕਰਵਾਰ ਨੂੰ ਤਿੰਨ ਰੋਜ਼ਾ ਵਿਰਾਸਤੀ ਮੇਲਾ ਸ਼ੁਰੂ ਕੀਤਾ ਗਿਆ। ਅਰਦਾਸ ਸਮਾਗਮ ਵਿੱਚ ਪਹੁੰਚੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬੁਲਟ (ਮੋਟਰਸਾਈਕਲ) ’ਤੇ ਬੈਠ ਕੇ ਫੋਟੋ ਖਿਚਵਾਉਣ ਲੱਗੇ ਤਾਂ ਲੋਕਾਂ ਦੇ ਕਹਿਣ ‘ਤੇ ਉਨ੍ਹਾਂ ਦੇ ਪਿੱਛੇ ‘ਆਪ’ ਵਿਧਾਇਕ ਵੀ ਬੈਠੇ ਸਨ। ਜਦੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬੁਲਟ ‘ਤੇ ਸਵਾਰ ਹੋਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਪਹੁੰਚ ਗਏ। ਲੋਕਾਂ ਨੇ ਵਿਧਾਇਕ ਗਿੱਲ ਨੂੰ ਵੀ ਹਰਸਿਮਰਤ ਬਾਦਲ ਨਾਲ ਬੈਠਣ ਲਈ ਕਿਹਾ।

