ਨਵੰਬਰ 1984 ਵਿਚ ਸਿੱਖ ਕਤਲੇਆਮ ਦਾ ਨਾਮਜਦ ਜਗਦੀਸ਼ ਟਾਈਟਲਰ ਮੁੜ ਕਾਂਗਰਸ ਵਿਚ ਹੋਇਆ ਸਰਗਰਮ

ਨਗਰ ਨਿਗਮ ਚੋਣਾਂ ਵਿਚ ਪ੍ਰਚਾਰ ਮਗਰੋਂ ਭਾਰਤ ਜੋੜੋ ਯਾਤਰਾ ਵਿਚ ਲਵੇਗਾ ਹਿੱਸਾ
ਨਵੀਂ ਦਿੱਲੀ 19 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਏ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਨਾਮਜਦ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਉਹ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਪਾਰਟੀ ਦਫ਼ਤਰ ਵਿੱਚ ਹੋਈ ਦਿੱਲੀ ਕਾਂਗਰਸ ਦੀ ਮੀਟਿੰਗ ਵਿੱਚ ਨਜ਼ਰ ਆਇਆ ਸੀ । ਇਸ ਤੋਂ ਪਹਿਲਾਂ ਓਹ ਦਿੱਲੀ ਵਿਖੇ ਹੋਏ ਨਗਰ ਨਿਗਮ ਚੋਣਾਂ ਵਿਚ ਵੀਂ ਕਾਂਗਰਸ ਪੱਖੀ ਪ੍ਰਚਾਰ ਕਰਦਾ ਨਜਰੀ ਪਿਆ ਸੀ ।

ਆਪਣੀ ਮੌਜੂਦਗੀ ਦਾ ਬਚਾਅ ਕਰਦੇ ਹੋਏ ਟਾਈਟਲਰ ਨੇ ਕਿਹਾ ਕਿ ਕਿਸੇ ਵੀ ਅਦਾਲਤ ਨੇ ਉਸ ਨੂੰ ਦੋਸ਼ੀ ਨਹੀਂ ਪਾਇਆ ਹੈ ਅਤੇ ਨਾ ਹੀ ਕੋਈ ਜਾਂਚ ਏਜੰਸੀ ਦੰਗਿਆਂ ਵਿਚ ਉਸ ਦੀ ਸ਼ਮੂਲੀਅਤ ਦਾ ਕੋਈ ਸਬੂਤ ਪੇਸ਼ ਕਰ ਸਕੀ ਹੈ। “ਕੀ ਮੇਰੇ ਵਿਰੁੱਧ ਕੋਈ ਐਫਆਈਆਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਹੈ? ਸੀਬੀਆਈ ਨੇ ਵੀ ਮੈਨੂੰ ਕਲੀਅਰੈਂਸ ਦੇ ਦਿੱਤੀ ਹੈ। ਕੁਝ ਲੋਕ ਸਿਰਫ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਵਾਂਗਾ, ਅਤੇ ਮੈਂ ਉਦੋਂ ਤੱਕ ਪਾਰਟੀ ਨਾਲ ਰਹਾਂਗਾ ਜਦੋਂ ਤੱਕ ਮੇਰੀ ਆਖਰੀ ਸਾਹ ਹਨ”।

