ਸਿਆਸੀ ਕਾਨਫਰੰਸ ਉਤੇ ਪਾਬੰਦੀ ਲਗਾਣਾ, ਆਮ ਆਦਮੀ ਪਾਰਟੀ ਦੇ ਧਰਮ ਅਧੀਨ ਖਿਆਲਾਤ, ਜਿਨ੍ਹਾਂ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰਦੀ : ਇਮਾਨ ਸਿੰਘ ਮਾਨ

ਨਵੀਂ ਦਿੱਲੀ, 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਫ਼ਤਹਿਗੜ੍ਹ ਸਾਹਿਬ ਦੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਆਸੀ ਕਾਨਫਰੰਸ ਉਤੇ ਪਾਬੰਦੀ ਲਗਾਉਣ ਦਾ ਜੋ ਫੈਸਲਾ ਕੀਤਾ ਹੈ, ਇਹ ਆਮ ਆਦਮੀ ਪਾਰਟੀ ਦੀ ਪਾਲਸੀ ਦਾ ਹਿੱਸਾ ਹੈ । ਛੋਟੇ ਸਾਹਿਬਜ਼ਾਦੇ ਮੁਗਲ ਹਕੂਮਤ ਅਤੇ ਪਹਾੜੀ ਹਿੰਦੂ ਰਾਜਿਆਂ ਦੇ ਹਮਲੇ ਦੇ ਸਿ਼ਕਾਰ ਰਹੇ । ਜਿਸ ਕਾਰਨ ਉਨ੍ਹਾਂ ਨੂੰ ਜਿਊਂਦੇ ਨੀਹਾਂ ਵਿਚ ਚਿਣਵਾਇਆ ਗਿਆ । ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਨੂੰ ਨੀਹਾਂ ਵਿਚ ਚਿਣਵਾਉਣ ਤੋਂ ਪਹਿਲਾ ਮੌਕਾ ਦਿੱਤਾ ਗਿਆ ਕਿ ਉਹ ਆਪਣਾ ਧਰਮ ਤਬਦੀਲ ਕਰਨ ਅਤੇ ਅਹੁਦੇ ਦੇ ਲਾਲਚ ਦਿੱਤੇ ਗਏ । ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਾਜ਼ਾਦਿਆਂ ਦੀ ਵਡਿਆਈ ਹੈ ਕਿ ਉਨ੍ਹਾਂ ਨੇ ਮੁਗਲ ਹਕੂਮਤ ਅਤੇ ਹਿੰਦੂ ਰਾਜਿਆਂ ਦੀ ਚਾਲ ਨੂੰ ਸਮਝਦੇ ਹੋਏ ਜੁਆਬ ਦੇ ਰੂਪ ਵਿਚ ਸ਼ਹਾਦਤ ਦੇਣ ਨੂੰ ਪਹਿਲ ਦਿੱਤੀ । ਇਹ ਇਕ ਬਹੁਤ ਵੱਡੀ ਕੌਮ ਪ੍ਰਤੀ ਸੋਚ ਸੀ । ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।”


