ਚੋਰਾਂ ਨੂੰ ਕਾਬੂ ਕਰਨ ਗਿਆ ਪੰਜਾਬ ਪੁਲਿਸ ਦਾ ASI ਹੀ ਅਗਲਿਆਂ ਨੇ ਢਾਹ ਲਿਆ, ਕੁੱਟਮਾਰ ਕਰ ਕੇ ਪਾੜ ਦਿੱਤੀ ਵਰਦੀ
ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੀ ਕਿਰਕਰੀ ਹੁੰਦੇ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਪੰਜਾਬ ਪੁਲਿਸ ਕਿਸੇ ਨਾਲ ਧੱਕਾ ਕਰਨ ਵਿੱਚ ਫਸ ਜਾਂਦੀ ਹੈ ਪਰ ਇਸ ਵਾਰ ਉਲਟਾ ਹੀ ਹੋ ਗਿਆ ਤੇ ਪੰਜਾਬ ਪੁਲਿਸ ਨਾਲ ਹੀ ਧੱਕਾ ਹੋ ਗਿਆ। ਦਰਅਸਲ ਚੋਰਾਂ ਨੂੰ ਗ੍ਰਿਫਤਾਰ ਕਰਨ ਗਏ ASI ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ। ਹਮਲਾਵਰਾਂ ਨੇ ਉਸ ਦੀ ਵਰਦੀ ਪਾੜ ਦਿੱਤੀ। ਝਗੜੇ ਦੌਰਾਨ ਉਸ ਦੀ ਪੱਗ ਵੀ ਉਤਰ ਗਈ। ਜ਼ਖ਼ਮੀ ਏਐਸਆਈ ਨੇ ਪੁਲੀਸ ਚੌਕੀ ਕੋਟ ਵਿੱਚ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਮਲਾਵਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਜ਼ਖ਼ਮੀ ਏਐਸਆਈ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਹੋਰ ਪੁਲਿਸ ਮੁਲਾਜ਼ਮਾਂ ਨੇ ਜ਼ਖਮੀ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਮੈਡੀਕਲ ਕਰਵਾਇਆ ਗਿਆ।