Skip to content
ਚੰਡੀਗੜ੍ਹ ਨੂੰ ਲੈ ਕੇ ਮਾਮਲਾ ਭਖਿਆ, ਪੰਜਾਬ-ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਜਤਾਇਆ ਆਪਣਾ ਹੱਕ

ਚੰਡੀਗੜ੍ਹ (ਵੀਓਪੀ ਬਿਊਰੋ) ਕਾਫੀ ਸਮੇਂ ਤੋਂ ਇਹ ਪੇਚ ਫਸਿਆ ਹੋਇਆ ਹੈ ਕਿ ਚੰਡੀਗੜ੍ਹ ਕਿਸ ਦਾ ਹੈ। ਪੰਜਾਬ ਤੇ ਹਰਿਆਣਾ ਚੰਡੀਗੜ੍ਹ ਉੱਪਰ ਆਪਣਾ ਹੱਕ ਜਤਾਉਂਦੇ ਆ ਰਹੇ ਹਨ ਪਰ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ ਅਤੇ ਹਿਮਾਚਲ ਪ੍ਰਦੇਸ਼ ਨੇ ਚੰਡੀਗੜ੍ਹ ਉੱਪਰ ਆਪਣਾ ਹੱਕ ਜਤਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ- ਪੰਜਾਬ ਦੇ ਪੁਨਰਗਠਨ ਤੋਂ ਬਾਅਦ ਹਿਮਾਚਲ ਚੰਡੀਗੜ੍ਹ ਦੀ 7.19% ਜ਼ਮੀਨ ਦਾ ਹੱਕਦਾਰ ਹੈ ਅਤੇ ਇਸਨੂੰ ਰੱਖੇਗਾ। ਜੇਕਰ ਲੋੜ ਪਈ ਤਾਂ ਅਸੀਂ ਕਾਨੂੰਨੀ ਕਦਮ ਵੀ ਚੁੱਕਾਂਗੇ। ਉਥੋਂ ਦੇ ਆਗੂਆਂ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਜਾਵੇਗੀ।

ਅਗਨੀਹੋਤਰੀ ਨੂੰ ਇਹ ਸਵਾਲ ਉਦੋਂ ਕੀਤਾ ਗਿਆ ਜਦੋਂ ਉਹ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਆਯੋਜਿਤ ਇਲੈਕਟ੍ਰੀਕਲ ਵਹੀਕਲ ਐਕਸਪੋ 2023 ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਆਏ ਸਨ। 27 ਸਤੰਬਰ 2011 ਨੂੰ, ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਹਿਮਾਚਲ ਪੰਜਾਬ ਪੁਨਰਗਠਨ ਐਕਟ ਦੇ ਤਹਿਤ ਚੰਡੀਗੜ੍ਹ ਦੀ 7.19% ਜ਼ਮੀਨ ਦਾ ਹੱਕਦਾਰ ਹੈ। ਪਿਛਲੀਆਂ ਸੂਬਾ ਸਰਕਾਰਾਂ ਵੀ ਵੱਖ-ਵੱਖ ਫੋਰਮਾਂ ‘ਤੇ ਚੰਡੀਗੜ੍ਹ ਦੀਆਂ ਜਾਇਦਾਦਾਂ ‘ਤੇ ਆਪਣੇ ਦਾਅਵੇ ਪੇਸ਼ ਕਰ ਚੁੱਕੀਆਂ ਹਨ।

ਸਾਬਕਾ ਜੈਰਾਮ ਸਰਕਾਰ ਨੇ ਭਾਖੜਾ ਨੰਗਲ ਪਾਵਰ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਬਿਜਲੀ ਦੇ 7.91% ਉੱਤੇ ਆਪਣਾ ਹੱਕ ਜਤਾਇਆ ਸੀ। ਇਸ ਮੁੱਦੇ ਦੇ ਨਾਲ ਹੀ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਨੂੰ ਪਾਣੀ ਅਤੇ ਬਿਜਲੀ ਦੇਣ ਦੀ ਰਾਇਲਟੀ ਦਾ ਮੁੱਦਾ ਹੁਣ ਸਿਰਫ਼ ਬਿਆਨਬਾਜ਼ੀ ਅਤੇ ਨਾਅਰੇ ਹੀ ਰਹਿ ਗਿਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਹਿਮਾਚਲ ਨੂੰ ਉਸਦਾ ਹੱਕ ਨਹੀਂ ਮਿਲ ਸਕਿਆ।
error: Content is protected !!