ਫਗਵਾੜਾ ‘ਚ SHO ਦੇ ਗੰਨਮੈਨ ਨੂੰ ਗੋਲੀ ਮਾਰਨ ਵਾਲੇ ਗਿਰੋਹ ਦੇ ਦੋ ਗੈਂਗਸਟਰ ਪੁਲਿਸ ਹੱਥੋਂ ਹੋਏ ਹਲਾਕ

ਫਗਵਾੜਾ ‘ਚ SHO ਦੇ ਗੰਨਮੈਨ ਨੂੰ ਗੋਲੀ ਮਾਰਨ ਵਾਲੇ ਗਿਰੋਹ ਦੇ ਦੋ ਗੈਂਗਸਟਰ ਪੁਲਿਸ ਹੱਥੋਂ ਹੋਏ ਹਲਾਕ

ਫਤਿਹਗੜ੍ਹ ਸਾਹਿਬ (ਵੀਓਪੀ ਬਿਊਰੋ) ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾ ਵਿਖੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਤੇਜਾ ਨਾਂ ਦਾ ਗੈਂਗਸਟਰ ਅਤੇ ਉਸ ਦਾ ਸਾਥੀ ਮਾਰਿਆ ਗਿਆ ਅਤੇ ਇਸ ਦੌਰਾਨ ਇਕ ਗੈਂਗਸਟਰ ਵੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੁਕਾਬਲੇ ਦੌਰਾਨ ਗੈਂਗਸਟਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਲੱਤ ‘ਤੇ ਇੱਕ ਗੱਡੀ ਚੜ੍ਹ ਗਈ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ।

ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਗੈਂਗਸਟਰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ ਵੱਲ ਇੱਕ ਥਾਰ ਵਿੱਚ ਜਾ ਰਹੇ ਸਨ। ਜਿਸ ਥਾਰ ਵਿਚ ਉਹ ਜਾ ਰਹੇ ਸੀ, ਉਹ ਉਹਨਾਂ ਨੇ ਫਗਵਾੜਾ ਨੇੜੇ ਲੁੱਟੀ ਸੀ ਅਤੇ ਉਸ ਵਿਚ ਗੈਂਗਸਟਰ ਤੇਜਾ ਅਤੇ ਉਸਦੇ ਦੋ ਸਾਥੀ ਸਵਾਰ ਸਨ। ਜਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ਵਿੱਚ ਗੈਂਗਸਟਰ ਤੇਜਾ ਤੇ ਉਸ ਦਾ ਸਾਥੀ ਮਾਰਿਆ ਗਿਆ। ਇਸ ਮੁਕਾਬਲੇ ‘ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

ਗੈਂਗਸਟਰ ਤੇਜਾ ਖ਼ਿਲਾਫ਼ 38 ਤੋਂ ਵੱਧ ਕੇਸ ਦਰਜ ਹਨ ਅਤੇ ਉਹ 8 ਜਨਵਰੀ ਨੂੰ ਅਰਬਨ ਅਸਟੇਟ ਕਲੋਨੀ, ਫਗਵਾੜਾ ਤੋਂ ਕ੍ਰੇਟਾ ਕਾਰ ਲੁੱਟਣ ਦੀ ਵਾਰਦਾਤ ਵਿੱਚ ਸ਼ਾਮਲ ਸੀ। ਲੁੱਟ ਦੀ ਵਾਰਦਾਤ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਥਾਣਾ ਸਿਟੀ ਫਗਵਾੜਾ ਦੇ ਐਸ.ਏ.ਓ ਅਮਨਦੀਪ ਨਾਹਰ ਦੇ ਗਨਰ ਕੁਲਦੀਪ ਸਿੰਘ ਉਰਫ਼ ਕਮਲ ਬਾਜਵਾ ਨੂੰ ਗੋਲੀ ਲੱਗੀ, ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ।

error: Content is protected !!