ਸਕੂਲੀ ਵਰਦੀਆਂ ਦੀ ਗ੍ਰਾਂਟ ’ਚ ਹੇਰਾਫੇਰੀ ਕਰਨ ਵਾਲੇ ਸਿੱਖਿਆ ਵਿਭਾਗ ਦੇ ਤਿੰਨ ਅਧਿਕਾਰੀ ਮੁਅੱਤਲ
ਵਰਦੀ ਫੰਡਾਂ ‘ਚ ਹੇਰਾਫੇਰੀ ਦੇ ਮਾਮਲੇ ‘ਚ ਮੁਅੱਤਲ ਹੋਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਦਲਜਿੰਦਰ ਕੌਰ ਤੋਂ ਬਾਅਦ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਬਲਾਕ ਸਿੱਖਿਆ ਅਧਿਕਾਰੀਆਂ ‘ਤੇ ਵੀ ਗਾਜ਼ ਡਿੱਗੀ ਹੈ। ਬਲਾਕ ਸਿੱਖਿਆ ਅਫਸਰਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਤਿੰਨਾਂ ਬੀਪੀਈਓਜ਼ ਨੇ ਸਰਕਾਰੀ ਨਿਯਮਾਂ ਅਨੁਸਾਰ ਵਰਦੀਆਂ ਨਹੀਂ ਖਰੀਦੀਆਂ ਤੇ ਵਰਦੀ ਫੰਡ ਵਿੱਚ ਹੇਰਾਫੇਰੀ ਕੀਤੀ ਹੈ। ਮੁਅੱਤਲ ਕੀਤੇ ਜਾਣ ਵਾਲਿਆਂ ਵਿੱਚ ਬਲਾਕ ਸਿੱਖਿਆ ਅਫ਼ਸਰ ਬਲਾਕ ਵੇਰਕਾ ਯਸ਼ਪਾਲ, ਬਲਾਕ ਅੰਮ੍ਰਿਤਸਰ-4 ਦੇ ਬੀਪੀਈਓ ਰਵਿੰਦਰਜੀਤ ਕੌਰ ਤੇ ਬਲਾਕ ਚੁਗਾਵਾਂ ਦੇ ਬੀਪੀਈਓ ਦਲਜੀਤ ਸਿੰਘ ਸ਼ਾਮਲ ਹਨ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਤਿੰਨਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਬਲਾਕ ਅੰਮ੍ਰਿਤਸਰ-4 ਦੀ ਬੀਪੀਈਓ ਰਵਿੰਦਰਜੀਤ ਕੌਰ ਇਸੇ ਮਹੀਨੇ ਸੇਵਾਮੁਕਤ ਹੋਣ ਵਾਲੇ ਸਨ। ਮੁਅੱਤਲ ਹੋਣ ਤੋਂ ਬਾਅਦ ਇਨ੍ਹਾਂ ਤਿੰਨਾਂ ਅਧਿਕਾਰੀਆਂ ਦਾ ਹੈੱਡ ਕੁਆਟਰ ਤਰਨਤਾਰਨ ਬਣਾ ਦਿੱਤਾ ਗਿਆ ਹੈ। ਬੀਪੀਈਓ ਰਵਿੰਦਰਜੀਤ ਕੌਰ ਦੀ ਮੁਅੱਤਲੀ ਤੋਂ ਬਾਅਦ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਵੀ ਠੰਢੇ ਬਸਤੇ ‘ਚ ਪੈਂਦੀ ਨਜ਼ਰ ਆ ਰਹੀ ਹੈ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਖ਼ਰੀਦ ਸੰਬੰਧੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਗ੍ਰਾਂਟ ਵਿਚ ਹੇਰਾਫ਼ੇਰੀ ਕਰਨ ਕਾਰਨ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ (1) ਅਨੁਸਾਰ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।