ਆਪ ਸਰਕਾਰ ਦੇ ਇੱਕ ਸਾਲ ਨੇ ਪੰਜਾਬ ਨੂੰ 40 ਸਾਲ ਪਿੱਛੇ ਧੱਕ ਦਿੱਤਾ: ਭਾਜਪਾ
ਜਲੰਧਰ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਬਦਲਾਅ ਲਿਆਉਣ ਦੇ ਵੱਡੇ-ਵੱਡੇ ਦਾਅਵੇ ਇੱਕ ਸਾਲ ਦੇ ਅੰਦਰ ਹੀ ਆਪਣੇ ਸਭ ਤੋਂ ਮਾੜੇ ਕਾਰਜਕਾਲ ਵਿੱਚ ਬਦਲ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਪਿਛਲੇ ਇੱਕ ਸਾਲ ਨੂੰ ਕਾਲੇ ਦੌਰ ਦਾ ਸਮਾਂ ਦੱਸਿਆ ਹੈ।
ਇੱਥੇ ਜਾਰੀ ਬਿਆਨ ਵਿੱਚ, ਸ਼ੇਰਗਿੱਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਬਦਤਰ ਹਾਲਾਤਾਂ ਤੋਂ ਇਲਾਵਾ, ਕੁਸ਼ਾਸਨ, ਵਿਗੜੀ ਕਾਨੂੰਨ ਵਿਵਸਥਾ, ਵਾਅਦਿਆਂ ਦੀ ਪੂਰਤੀ ਨਾ ਹੋਣਾ, ਵੱਧਦੀ ਨਸ਼ਾਖੋਰੀ, ਗੈਂਗ ਵਾਰ, ਗੈਰ-ਕਾਨੂੰਨੀ ਮਾਈਨਿੰਗ, ਸ਼ਰਾਬ ਨੀਤੀ ਘਪਲਾ, ਆਰਥਿਕਤਾ ਦੀ ਮੰਦੀ ਹਾਲਤ, ਭ੍ਰਿਸ਼ਟਾਚਾਰ, ਫਜੂਲਖਰਚੀ, ਵੀਆਈਪੀ ਕਲਚਰ ਦਾ ਪ੍ਰਚਾਰ ਅਤੇ ਜ਼ਿੰਮੇਵਾਰੀ ਤੋਂ ਭੱਜਣਾ, ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ 1 ਸਾਲ ਦੇ ਸ਼ਾਸਨ ਦੀ ਭਿਆਨਕਤਾ ਨੂੰ ਦਰਸਾਉਂਦਾ ਹੈ।
ਸ਼ੇਰਗਿੱਲ ਨੇ ਆਪਣੇ ਦਾਅਵਿਆਂ ਨੂੰ ਮਜ਼ਬੂਤੀ ਦਿੰਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਹੁਣ ਤੱਕ ਦੀ ਬਦਤਰ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਹੋਣ ਵਾਲੇ ਕਤਲ, ਲੁੱਟ ਖੋਹ, ਜਬਰੀ ਵਸੂਲੀ ਅਤੇ ਪੈਸਿਆਂ ਲਈ ਹੱਤਿਆ ਦੀਆਂ ਘਟਨਾਵਾਂ ਤੋਂ ਇਲਾਵਾ ਪੁਲਿਸ ਦੇ ਸੰਸਥਾਨਾਂ ਤੇ ਦੋ ਆਰ.ਪੀ.ਜੀ. ਹਮਲੇ ਹੋ ਚੁੱਕੇ ਹਨ ਅਤੇ ਹਾਲ ਹੀ ਵਿਚ ਅਜਨਾਲਾ (ਅੰਮ੍ਰਿਤਸਰ) ਦੇ ਇਕ ਥਾਣੇ ‘ਤੇ ਬੇਕਾਬੂ ਭੀੜ ਨੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੁਲਾਈ 2022 ਤੋਂ ਪੰਜਾਬ ਵਿੱਚ ਰੈਗੂਲਰ ਡੀਜੀਪੀ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ।
n


