ਆਪ ਸਰਕਾਰ ਦੇ ਇੱਕ ਸਾਲ ਨੇ ਪੰਜਾਬ ਨੂੰ 40 ਸਾਲ ਪਿੱਛੇ ਧੱਕ ਦਿੱਤਾ: ਭਾਜਪਾ

ਜਲੰਧਰ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਬਦਲਾਅ ਲਿਆਉਣ ਦੇ ਵੱਡੇ-ਵੱਡੇ ਦਾਅਵੇ ਇੱਕ ਸਾਲ ਦੇ ਅੰਦਰ ਹੀ ਆਪਣੇ ਸਭ ਤੋਂ ਮਾੜੇ ਕਾਰਜਕਾਲ ਵਿੱਚ ਬਦਲ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਪਿਛਲੇ ਇੱਕ ਸਾਲ ਨੂੰ ਕਾਲੇ ਦੌਰ ਦਾ ਸਮਾਂ ਦੱਸਿਆ ਹੈ।
ਇੱਥੇ ਜਾਰੀ ਬਿਆਨ ਵਿੱਚ, ਸ਼ੇਰਗਿੱਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਬਦਤਰ ਹਾਲਾਤਾਂ ਤੋਂ ਇਲਾਵਾ, ਕੁਸ਼ਾਸਨ, ਵਿਗੜੀ ਕਾਨੂੰਨ ਵਿਵਸਥਾ, ਵਾਅਦਿਆਂ ਦੀ ਪੂਰਤੀ ਨਾ ਹੋਣਾ, ਵੱਧਦੀ ਨਸ਼ਾਖੋਰੀ, ਗੈਂਗ ਵਾਰ, ਗੈਰ-ਕਾਨੂੰਨੀ ਮਾਈਨਿੰਗ, ਸ਼ਰਾਬ ਨੀਤੀ ਘਪਲਾ, ਆਰਥਿਕਤਾ ਦੀ ਮੰਦੀ ਹਾਲਤ, ਭ੍ਰਿਸ਼ਟਾਚਾਰ, ਫਜੂਲਖਰਚੀ, ਵੀਆਈਪੀ ਕਲਚਰ ਦਾ ਪ੍ਰਚਾਰ ਅਤੇ ਜ਼ਿੰਮੇਵਾਰੀ ਤੋਂ ਭੱਜਣਾ, ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ 1 ਸਾਲ ਦੇ ਸ਼ਾਸਨ ਦੀ ਭਿਆਨਕਤਾ ਨੂੰ ਦਰਸਾਉਂਦਾ ਹੈ।
ਸ਼ੇਰਗਿੱਲ ਨੇ ਆਪਣੇ ਦਾਅਵਿਆਂ ਨੂੰ ਮਜ਼ਬੂਤੀ ਦਿੰਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਹੁਣ ਤੱਕ ਦੀ ਬਦਤਰ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਹੋਣ ਵਾਲੇ ਕਤਲ, ਲੁੱਟ ਖੋਹ, ਜਬਰੀ ਵਸੂਲੀ ਅਤੇ ਪੈਸਿਆਂ ਲਈ ਹੱਤਿਆ ਦੀਆਂ ਘਟਨਾਵਾਂ ਤੋਂ ਇਲਾਵਾ ਪੁਲਿਸ ਦੇ ਸੰਸਥਾਨਾਂ ਤੇ ਦੋ ਆਰ.ਪੀ.ਜੀ. ਹਮਲੇ ਹੋ ਚੁੱਕੇ ਹਨ ਅਤੇ ਹਾਲ ਹੀ ਵਿਚ ਅਜਨਾਲਾ (ਅੰਮ੍ਰਿਤਸਰ) ਦੇ ਇਕ ਥਾਣੇ ‘ਤੇ ਬੇਕਾਬੂ ਭੀੜ ਨੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੁਲਾਈ 2022 ਤੋਂ ਪੰਜਾਬ ਵਿੱਚ ਰੈਗੂਲਰ ਡੀਜੀਪੀ ਦੀ ਤਾਇਨਾਤੀ ਨਹੀਂ ਕੀਤੀ ਗਈ ਹੈ।
n
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸੱਤਾ ‘ਚ ਆਉਣ ਤੋਂ ਬਾਅਦ ਆਪ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਕੀਤੇ ਵੱਡੇ ਦਾਅਵਿਆਂ ਦੇ ਉਲਟ ਨਸ਼ਾ ਤਸਕਰੀ ਬੇਰੋਕ ਜਾਰੀ ਹੈ। ਹਰ ਰੋਜ਼ ਮੀਡੀਆ ਵਿੱਚ ਨਸ਼ੇ ਦੀ ਉਪਲਬਧਤਾ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਖ਼ਬਰਾਂ ਆਉਂਦੀਆਂ ਹਨ।
ਝੂਠੇ ਚੋਣ ਵਾਅਦਿਆਂ ਰਾਹੀਂ ਲੋਕਾਂ ਨਾਲ ਧੋਖਾ ਕਰਨ ਵਾਲੀ ਮਾਨ ਸਰਕਾਰ ‘ਤੇ ਵਰ੍ਹਦਿਆਂ, ਸ਼ੇਰਗਿੱਲ ਨੇ ਕਿਹਾ ਕਿ ਆਪ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਨ੍ਹਾਂ ਵਲੋ 18 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ 1.3 ਕਰੋੜ ਯੋਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇ ਕੇ ਮਹਿਲਾ ਵਰਗ ਨਾਲ ਧੋਖਾ ਕੀਤਾ ਗਿਆ ਹੈ।
ਸੂਬੇ ਦੀ ਆਰਥਿਕਤਾ ਨੂੰ ਹੋਏ ਨੁਕਸਾਨ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ, ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਵਿੱਤੀ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਆਪ ਸਰਕਾਰ ਨੇ ਥੋੜ੍ਹੇ ਜਿਹੇ ਕਾਰਜਕਾਲ ‘ਚ 30,986 ਕਰੋੜ ਰੁਪਏ ਦਾ ਵੱਡਾ ਕਰਜ਼ਾ ਲਿਆ ਹੈ ਅਤੇ ਇਹ ਆਪਣੀਆਂ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦੇ ਰਹੀ ਹੈ। ਇਥੋਂ ਤੱਕ ਕਿ ਵਿੱਤੀ ਸਾਲ 2023-24 ਦੇ ਅੰਤ ਤੱਕ ਸੂਬੇ ‘ਤੇ ਕਰਜ਼ਾ 3.47 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

