ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ 8 ਜਣਿਆਂ ਦੀ ਮੌਤ, ਪੰਜ ਮ੍ਰਿਤਕ ਸਨ ਭਾਰਤੀ

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ 8 ਜਣਿਆਂ ਦੀ ਮੌਤ, ਪੰਜ ਮ੍ਰਿਤਕ ਸਨ ਭਾਰਤੀ

ਓਟਾਵਾ (ਵੀਓਪੀ ਬਿਊਰੋ) : ਕੈਨੇਡਾ-ਅਮਰੀਕਾ ਸਰਹੱਦ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਇਨ੍ਹਾਂ ਵਿੱਚ ਪੰਜ ਭਾਰਤੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਡੁੱਬੀ ਕਿਸ਼ਤੀ ਦੇ ਨੇੜੇ ਮਿਲੀਆਂ ਹਨ। ਲਾਸ਼ਾਂ ਦੋ ਪਰਿਵਾਰਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਵਿੱਚ ਇੱਕ ਪਰਿਵਾਰ ਭਾਰਤੀ ਸੀ, ਜਦਕਿ ਦੂਜਾ ਪਰਿਵਾਰ ਰੋਮਾਨੀਆ ਮੂਲ ਦਾ ਸੀ, ਜਿਨ੍ਹਾਂ ਕੋਲੋਂ ਕੈਨੇਡੀਅਨ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਪੁਲਿਸ ਮੁਖੀ ਸੀਨ ਡੁਲੂਡੇ ਨੇ ਕਿਹਾ ਕਿ ਹੁਣ ਪਾਣੀ ਵਿੱਚੋਂ ਕੁੱਲ ਅੱਠ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਵਿੱਚ 6 ਬਾਲਗ ਅਤੇ 2 ਬੱਚੇ ਸ਼ਾਮਲ ਹਨ। ਵੀਰਵਾਰ ਦੇਰ ਸ਼ਾਮ ਪਹਿਲਾਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਦੋ ਵਿਅਕਤੀਆਂ ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਮਿਲੀਆਂ ਸਨ, ਇੱਕ ਰੋਮਾਨੀਅਨ ਮੂਲ ਦਾ ਬੱਚਾ ਅਤੇ ਇੱਕ ਭਾਰਤੀ ਔਰਤ ਸ਼ਾਮਲ ਹੈ। ਕੈਨੇਡੀਅਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਰੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਮੋਹੌਕ ਕਬਾਇਲੀ ਖੇਤਰ ਕੈਨੇਡੀਅਨ ਪ੍ਰਾਂਤਾਂ ਕਿਊਬਿਕ ਅਤੇ ਓਨਟਾਰੀਓ ਅਤੇ ਅਮਰੀਕਾ ਦੇ ਨਿਊਯਾਰਕ ਰਾਜ ਤੱਕ ਫੈਲਿਆ ਹੋਇਆ ਹੈ। ਇਹ ਸ਼ੱਕ ਹੈ ਕਿ ਮੀਂਹ, ਗੜੇਮਾਰੀ ਅਤੇ ਤੇਜ਼ ਹਵਾ ਸਮੇਤ ਖਰਾਬ ਮੌਸਮ ਕਾਰਨ ਕਿਸ਼ਤੀ ਪਲਟ ਗਈ, ਜਿਸ ਨਾਲ ਸਵਾਰ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

error: Content is protected !!