ਸਕੂਲ ਵਿਚ ਜ਼ਹਿਰੀਲੀ ਚੀਜ਼ ਨਿਗਲਣ ਵਾਲੇ ਵਿਦਿਆਰਥੀ ਦੀ ਹੋਈ ਮੌਤ, ਪਰਿਵਾਰ ਵੱਲੋਂ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ

ਸਕੂਲ ਵਿਚ ਜ਼ਹਿਰੀਲੀ ਚੀਜ਼ ਨਿਗਲਣ ਵਾਲੇ ਵਿਦਿਆਰਥੀ ਦੀ ਹੋਈ ਮੌਤ, ਪਰਿਵਾਰ ਵੱਲੋਂ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ


ਵੀਓਪੀ ਬਿਊਰੋ, ਅੰਮ੍ਰਿਤਸਰ-ਬੀਤੇ ਦਿਨੀਂ ਸਕੂਲ ਵਿਚ ਜ਼ਹਿਰੀਲੀ ਚੀਜ਼ ਨਿਗਲਣ ਵਾਲੇ ਵਿਦਿਆਰਥੀ ਦੀ ਅੱਜ ਮੌਤ ਹੋ ਗਈ ਹੈ। ਉਹ ਐਸਕੋਟ ਹਸਪਤਾਲ ਵਿਚ ਦਾਖਲ ਸੀ, ਜਿਥੇ ਵਿਦਿਆਰਥੀ ਅਨੁਰਾਗ ਕੁਮਾਰ ਨੇ ਦਮ ਤੋੜ ਦਿੱਤਾ। ਬੀਤੀ 6 ਅਪ੍ਰੈਲ ਨੂੰ ਬਟਾਲਾ ਰੋਡ ਸਥਿਤ ਸ਼੍ਰੀ ਰਾਮ ਆਸ਼ਰਮ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਅਨੁਰਾਗ ਵਲੋਂ ਕਲਾਸ ਵਿਚ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਮਣੇ ਆਇਆ ਸੀ, ਜਿਸ ਨੂੰ ਐਸਕੋਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇੱਥੇ ਸ਼ਨਿਚਰਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ।

ਵਿਦਿਆਰਥੀ ਦੇ ਪਰਿਵਾਰਕ ਮੈਂਬਰ ਸਕੂਲ ਪ੍ਰਬੰਧਕ ਤੇ ਹਸਪਤਾਲ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਬੀਤੇ ਦਿਨੀਂ ਵੀ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਸਕੂਲ ਅੰਦਰ ਜ਼ਬਰਦਸਤ ਹੰਗਾਮਾ ਕੀਤਾ ਸੀ।


ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਵਿਦਿਆਰਥੀ ਨੂੰ ਬੇਹੋਸ਼ੀ ਦੀ ਹਾਲਤ ‘ਚ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਸੀ ਤਾਂ ਡਾਕਟਰਾਂ ਨੇ ਖੁਦ ਕਿਹਾ ਸੀ ਕਿ ਕੋਈ ਜ਼ਹਿਰੀਲੀ ਚੀਜ਼ ਖਾਧੀ ਹੈ। ਹੁਣ ਡਾਕਟਰਾਂ ਨੇ ਨੈਗੇਟਿਵ ਰਿਪੋਰਟ ਦੇ ਕੇ ਸਕੂਲ ਪ੍ਰਬੰਧਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਮੋਹਕਮਪੁਰਾ ਦੇ ਐੱਸਐਚਓ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!