Amazon ਅਤੇ Flipkart ਦੇ ਨਾਂ ‘ਤੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਣ ਵਾਲਾ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
ਪੰਜਾਬ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੀਰਵਾਰ ਰਾਤ ਦਿੱਲੀ ਏਅਰਪੋਰਟ ਤੋਂ ਐਮਾਜ਼ਾਨ ਅਤੇ ਫਲਿੱਪਕਾਰਟ ‘ਚ ਪੈਸੇ ਲੈ ਕੇ ਕਰੋੜਾਂ ਦੀ ਠੱਗੀ ਮਾਰਨ ਦੇ ਦੋਸ਼ੀ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਸਕਟ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ।
ਜਸਬੀਰ ਸਿੰਘ ਜੋ ਕਿ ਗਾਜ਼ੀਆਬਾਦ ਦੇ ਰਹਿਣ ਵਾਲਾ ਹੈ ਨੇ ਕਰੀਬ ਇੱਕ ਸਾਲ ਪਹਿਲਾਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਦਫ਼ਤਰ ਖੋਲ੍ਹਿਆ ਸੀ। ਆਰੋਪੀ ਨੇ ਠੱਗੀ ਦੇ ਸ਼ਿਕਾਰ ਪੀੜਤਾਂ ਨੂੰ ਕਿਹਾ ਕਿ ਜੇਕਰ ਉਹ ਫਲਿੱਪਕਾਰਟ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਵਿੱਚ ਆਪਣੀ ਪੂੰਜੀ ਨਿਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ 10 ਤੋਂ 15 ਫੀਸਦੀ ਵਿਆਜ ਮਿਲੇਗਾ ਅਤੇ ਉਨ੍ਹਾਂ ਦਾ ਪੈਸਾ ਵੀ ਸੁਰੱਖਿਅਤ ਰਹੇਗਾ।