ਬਾਹਰ ਵਿਆਹੁਤਾ ਔਰਤ ਨਾਲ ਪਤੀ ਨੇ ਬਣਾ ਲਏ ਨਾਜਾਇਜ਼ ਸਬੰਧ, ਘਰ ਵਿਚ ਰਹਿੰਦੇ ਕਲੇਸ਼ ਦਾ ਇੰਜ ਹੋਇਆ ਖੌਫਨਾਕ ਅੰਤ, ਪਤਨੀ ਨੇ ਜ਼ਹਿਰੀਲਾ ਪਦਾਰਥ…

ਬਾਹਰ ਵਿਆਹੁਤਾ ਔਰਤ ਨਾਲ ਪਤੀ ਨੇ ਬਣਾ ਲਏ ਨਾਜਾਇਜ਼ ਸਬੰਧ, ਘਰ ਵਿਚ ਰਹਿੰਦੇ ਕਲੇਸ਼ ਦਾ ਇੰਜ ਹੋਇਆ ਖੌਫਨਾਕ ਅੰਤ, ਪਤਨੀ ਨੇ ਜ਼ਹਿਰੀਲਾ ਪਦਾਰਥ…


ਵੀਓਪੀ ਬਿਊਰੋ, ਮਲੋਟ : ਨਾਜਾਇਜ਼ ਸਬੰਧਾਂ ਤੋਂ ਵਰਜਣ ਦੇ ਬਾਵਜੂਦ ਨਾ ਟਲਿਆ ਪਤੀ ਤਾਂ ਪਿੰਡ ਕੱਟਿਆਵਾਲੀ ਵਿਖੇ ਔਰਤ ਨੇ ਮੌਤ ਨੂੰ ਗਲੇ ਲਾ ਲਿਆ। ਕਬਰਵਾਲਾ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਪਤੀ ਅਤੇ ਇਕ ਔਰਤ ਸਮੇਤ ਤਿੰਨ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਜਗਬਾਣੀ ਵੱਲੋਂ ਚਲਾਈ ਗਈ ਖਬਰ ਮੁਤਾਬਕ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਠੁੰਮਣ ਸਿੰਘ ਵਾਸੀ ਫਿਰੋਜ਼ਪੁਰ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਨੇ ਆਪਣੇ ਕੁੜੀ ਕੁਲਵਿੰਦਰ ਕੌਰ ਦਾ ਵਿਆਹ 12 ਸਾਲ ਪਹਿਲਾਂ ਪਿੰਡ ਕੱਟਿਆਵਾਲੀ ਦੇ ਸਵਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਕੀਤਾ ਸੀ, ਜਿਨ੍ਹਾਂ ਦਾ ਇਕ 10 ਸਾਲ ਦਾ ਬੱਚਾ ਵੀ ਹੈ।
ਵਿਆਹ ਤੋਂ 7 ਸਾਲ ਬਾਅਦ ਉਸ ਦੇ ਜਵਾਈ ਸਵਰਨ ਸਿੰਘ ਦੇ ਫਿਰੋਜ਼ਪੁਰ ਦੇ ਪਿੰਡ ਫਲੀਆਂਵਾਲੀ ਦੀ ਇਕ ਔਰਤ ਸ਼ਿਮਲਾ ਰਾਣੀ ਪਤਨੀ ਪਰਮਜੀਤ ਸਿੰਘ ਨਾਲ ਨਾਜਾਇਜ਼ ਸੰਬੰਧ ਬਣ ਗਏ, ਜਿਸ ਦਾ ਪਤਾ ਜਦੋਂ ਉਸ ਦੀ ਕੁੜੀ ਕੁਲਵਿੰਦਰ ਕੌਰ ਨੂੰ ਲੱਗਾ ਤਾਂ ਉਸ ਨੇ ਆਪਣੇ ਪਤੀ ਸਵਰਨ ਸਿੰਘ ਨੂੰ ਅਜਿਹਾ ਕਰਨ ਤੋਂ ਵਰਜਿਆ।
ਉਧਰ, ਸ਼ਿਮਲਾ ਰਾਣੀ ਦੇ ਪਤੀ ਪਰਮਜੀਤ ਸਿੰਘ ਨੂੰ ਇਨ੍ਹਾਂ ਸਬੰਧਾਂ ਦਾ ਪਤਾ ਸੀ ਪਰ ਉਸ ਨੇ ਰੋਕਣ ਦੀ ਬਜਾਏ ਆਪਣੀ ਪਤਨੀ ਨਾਲ ਮਿਲ ਕੇ ਸਵਰਨ ਸਿੰਘ ਤੋਂ ਪੈਸੇ ਖਾਣੇ ਸ਼ੁਰੂ ਕਰ ਦਿੱਤੇ। ਠੁੰਮਣ ਸਿੰਘ ਅਨੁਸਾਰ ਉਸ ਦਾ ਜਵਾਈ ਸਵਰਨ ਸਿੰਘ ਉਸ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ, ਜਿਸ ਕਾਰਨ ਘਰ ਵਿਚ ਕਲੇਸ਼ ਚੱਲਦਾ ਰਿਹਾ। ਅਖੀਰ ਪਤੀ ਤੋਂ ਪ੍ਰੇਸ਼ਾਨ ਹੋ ਕੇ ਕੁਲਵਿੰਦਰ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ।

ਮ੍ਰਿਤਕ ਕੁਲਵਿੰਦਰ ਸਿੰਘ ਦੇ ਪਿਤਾ ਠੁੰਮਣ ਸਿੰਘ ਵਾਸੀ ਫਿਰੋਜ਼ਪੁਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਕਬਰਵਾਲਾ ਪੁਲਸ ਨੇ ਮ੍ਰਿਤਕਾ ਦੇ ਪਤੀ ਸਵਰਨ ਸਿੰਘ, ਔਰਤ ਸ਼ਿਮਲਾ ਰਾਣੀ ਅਤੇ ਸ਼ਿਮਲਾ ਰਾਣੀ ਦੇ ਪਤੀ ਪਰਮਜੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!