ਮੁੱਖ ਮੰਤਰੀ ਮਾਨ ਦਾ ਵਿਰੋਧ ਕਰਨ ਆਏ ਕੱਚੇ ਕਾਮਿਆਂ ਨੂੰ ਪੁਲਿਸ ਨੇ ਫੜ ਕੇ ਬਿਠਾ ਦਿੱਤਾ ਧੁੱਪੇ, ਬਥੇਰਾ ਕਹਿਣ ਅਸੀ ਤਾਂ ਮੰਗ ਪੱਤਰ ਦੇਣ ਆਏ ਹਾਂ ਪਰ ਸੁਣੇ ਕੌਣ

ਮੁੱਖ ਮੰਤਰੀ ਮਾਨ ਦਾ ਵਿਰੋਧ ਕਰਨ ਆਏ ਕੱਚੇ ਕਾਮਿਆਂ ਨੂੰ ਪੁਲਿਸ ਨੇ ਫੜ ਕੇ ਬਿਠਾ ਦਿੱਤਾ ਧੁੱਪੇ, ਬਥੇਰਾ ਕਹਿਣ ਅਸੀ ਤਾਂ ਮੰਗ ਪੱਤਰ ਦੇਣ ਆਏ ਹਾਂ ਪਰ ਸੁਣੇ ਕੌਣ

ਬਠਿੰਡਾ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਬਠਿੰਡਾ ਦੇ ਥਰਮਲ ਪਲਾਂਟ ਪਹੁੰਚੇ। ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਮੁਲਾਜ਼ਮ ਇੱਥੇ ਧਰਨਾ ਦੇਣ ਆਏ ਪਰ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਧੁੱਪ ‘ਚ ਬਿਠਾ ਦਿੱਤਾ ਗਿਆ। ਪੱਕੇ ਨਾ ਕਰਨ ਨੂੰ ਲੈ ਕੇ ਆਊਟਸੋਰਸ ਮੁਲਾਜ਼ਮਾਂ ਵਿੱਚ ਰੋਸ ਹੈ।

ਰੋਸ ਗਾਰਡਨ ਦੇ ਸਾਹਮਣੇ ਧਰਨਾ ਦੇ ਰਹੇ ਆਊਟਸੋਰਸ ਮੁਲਾਜ਼ਮਾਂ ਨੂੰ ਪੁਲਿਸ ਨੇ ਘੇਰ ਲਿਆ। ਵਰਕਰ ਕਹਿੰਦੇ ਰਹੇ ਕਿ ਉਹ ਸੀ.ਐਮ ਮਾਨ ਨੂੰ ਆਪਣਾ ਮੰਗ ਪੱਤਰ ਦੇਣ ਤੋਂ ਬਾਅਦ ਵਾਪਸ ਪਰਤ ਆਉਣਗੇ, ਪਰ ਪੁਲਿਸ-ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਘੇਰ ਕੇ ਥਾਣਾ ਨਥਾਣਾ ਵਿਖੇ ਲਿਜਾਇਆ ਗਿਆ।

ਥੋੜ੍ਹੀ ਦੇਰ ਬਾਅਦ ਠੇਕਾ ਮੁਲਾਜ਼ਮਾਂ ਦਾ ਇੱਕ ਹੋਰ ਗਰੁੱਪ ਵੀ ਰੋਜ਼ ਗਾਰਡਨ ਨੇੜੇ ਪਹੁੰਚ ਗਿਆ। ਇੱਥੇ ਪਹਿਲਾਂ ਤੋਂ ਮੌਜੂਦ ਪੁਲਿਸ ਨੇ ਵੀ ਉਨ੍ਹਾਂ ਨੂੰ ਘੇਰ ਲਿਆ ਅਤੇ ਉੱਥੇ ਹੀ ਧੁੱਪ ਵਿੱਚ ਬਿਠਾ ਦਿੱਤਾ। ਇੱਥੋਂ ਤੱਕ ਕਿ ਮੁਲਾਜ਼ਮਾਂ ਨੂੰ ਪੀਣ ਲਈ ਪਾਣੀ ਵੀ ਨਹੀਂ ਲਿਆਉਣ ਦਿੱਤਾ ਗਿਆ। ਪੁਲਿਸ-ਪ੍ਰਸ਼ਾਸਨ ਨੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਰੋਸ ਮੁਜ਼ਾਹਰਾ ਕਰਨ ਵਾਲਿਆਂ ਵਿੱਚ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸੰਦੀਪ ਖਾਨ, ਜਸਵੀਰ ਸਿੰਘ ਜੱਸੀ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਆਊਟਸੋਰਸ ਅਤੇ ਠੇਕਾ ਮੁਲਾਜ਼ਮਾਂ ਨਾਲ ਬੇਈਮਾਨੀ ਕਰ ਰਹੀ ਹੈ।

ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਜ਼ਾਹਰਾਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਆਊਟਸੋਰਸ ਅਤੇ ਭਰਤੀ ਹੋਏ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

error: Content is protected !!