ਨੀਨਾ ਜਿਉਂਦੀ ਹੈ ਦਾ ਲੋਕ ਅਰਪਣ ਸਮਾਗਮ ਆਯੋਜਿਤ

ਨੀਨਾ ਜਿਉਂਦੀ ਹੈ ਦਾ ਲੋਕ ਅਰਪਣ ਸਮਾਗਮ ਆਯੋਜਿਤ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ) ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਫ਼ਿਰੋਜ਼ਪੁਰ ਵੱਲੋਂ ਪ੍ਰਸਿੱਧ ਲੇਖਕ ਅਤੇ ਸਮਾਜਿਕ ਕਾਰਕੁੰਨ ਓਮ ਪ੍ਰਕਾਸ਼ ਸਰੋਏ ਦੀ ਨਵੀਂ ਛਪੀ ਕਿਤਾਬ ” ਨੀਨਾ ਜਿਉਂਦੀ ਹੈ ” ਦਾ ਲੋਕ ਅਰਪਣ ਸਮਾਗਮ ਭਾਵਪੂਰਤ ਢੰਗ ਨਾਲ ਆਯੋਜਿਤ ਕੀਤਾ ਗਿਆ। ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੇ ਵਿਹੜੇ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ.ਜਸਪਾਲ ਘਈ ਨੇ ਕੀਤੀ ਜਦੋਂ ਕਿ ਪ੍ਰਸਿੱਧ ਗ਼ਜ਼ਲਗੋ ਪ੍ਰੋ.ਗੁਰਤੇਜ ਕੋਹਾਰਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਪ੍ਰਧਾਨਗੀ ਮੰਡਲ ਵਿੱਚ ਬਹੁ ਵਿਧਾਈ ਲੇਖਕ ਗੁਰਮੀਤ ਕੜਿਆਲਵੀ , ਪੁਸਤਕ ਲੇਖਕ ਓਮ ਪ੍ਰਕਾਸ਼ ਸਰੋਏ ਅਤੇ ਸੁਰੇਸ਼ ਚੌਹਾਨ ਸ਼ਾਮਲ ਹੋਏ। ਮੰਚ ਸੰਚਾਲਨ ਕਰਦਿਆਂ ਪ੍ਰੋ.ਕੁਲਦੀਪ ਜਲਾਲਾਬਾਦ ਨੇ ਗਿੱਲ ਗੁਲਾਮੀ ਵਾਲਾ ਨੂੰ ਸੱਦਾ ਦਿੱਤਾ ਜਿਸ ਨੇ ਧੀਆਂ ਬਾਰੇ ਗੀਤ ਗਾ ਕੇ ਮਾਹੌਲ ਨੂੰ ਕਾਵਿਕ ਕਰ ਦਿੱਤਾ। ਉਪਰੰਤ ਸ਼ਾਇਰ ਹਰਮੀਤ ਵਿਦਿਆਰਥੀ ਨੇ ਸਭ ਆਏ ਦੋਸਤਾਂ ਨੂੰ ਜੀ ਆਇਆਂ ਨੂੰ ਕਿਹਾ।

ਫ਼ਿਰੋਜ਼ਪੁਰ ਦੀਆਂ ਅਦਬੀ ਸਰਗਰਮੀਆਂ ਦੀ ਬਾਤ ਛੂਹੀ। ਉਸ ਤੋਂ ਬਾਅਦ ਸਮੁੱਚੇ ਪ੍ਰਧਾਨਗੀ ਮੰਡਲ ਨੇ ਓਮ ਪ੍ਰਕਾਸ਼ ਸਰੋਏ ਦਾ ਸਵੈ ਜੀਵਨੀ ਮੂਲਕ ਨਾਵਲ ” ਨੀਨਾ ਜਿਉਂਦੀ ਹੈ ” ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ। ਪੁਸਤਕ ਨਾਲ ਜਾਣ ਪਛਾਣ ਕਰਾਉਂਦਿਆਂ ਪੰਜਾਬੀ ਦੇ ਸਮਰੱਥ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਇਸ ਕਿਤਾਬ ਨੂੰ ਪਿਆਰ ਵਿੱਚ ਲਿਖੀ ਲੰਬੀ ਕਵਿਤਾ ਕਿਹਾ। ਸ਼੍ਰੀ ਕੜਿਆਲਵੀ ਨੇ ਓਮ ਪ੍ਰਕਾਸ਼ ਸਰੋਏ ਦੀ ਜੀਵਨ ਨੂੰ ਮਿਹਨਤ , ਸੰਘਰਸ਼ ਅਤੇ ਮਿਲਵਰਤਣ ਦੀ ਤ੍ਰਿਵੈਣੀ ਦੱਸਿਆ ਅਤੇ ਇਸ ਸਭ ਕੁਝ ਦੀ ਪ੍ਰੇਰਨਾ ਉਹਨਾਂ ਦੀ ਸਵਰਗੀ ਹਮਸਫ਼ਰ ਨੀਨਾ ਸੀ। ਸ਼੍ਰੀ ਲਾਲ ਸਿੰਘ ਸੁਲਹਾਣੀ ਨੇ ਓਮ ਪ੍ਰਕਾਸ਼ ਸਰੋਏ ਦੀ ਆਪਣੇ ਸਮਾਜ ਨੂੰ ਦੇਣ ਦਾ ਜ਼ਿਕਰ ਕਰਦਿਆਂ ਇਸ ਨਾਵਲ ਰਾਹੀਂ ਉਸ ਵੱਲੋਂ ਆਪਣੀ ਧਰਮ ਪਤਨੀ ਨੂੰ ਨਿਵੇਕਲੀ ਸ਼ਰਧਾਂਜਲੀ ਦੇਣ ਦੀ ਸ਼ਲਾਘਾ ਕੀਤੀ।

ਨੌਜਵਾਨ ਚਿੰਤਕ ਸੁਖਜਿੰਦਰ ਨੂੰ ਇਸ ਪੁਸਤਕ ਵਿੱਚੋਂ ਦਲਿਤ ਚਿੰਤਨ ਦੇ ਅਮਲੀ ਸਰੂਪ ਦੀ ਝਲਕ ਪੈਂਦੀ ਦਿੱਸੀ। ਅੱਜ ਤੋਂ ਕੋਈ ਪੰਤਾਲੀ ਸਾਲ ਪਹਿਲਾਂ ਫ਼ਿਰੋਜ਼ਪੁਰ ਵਿੱਚ ਅੰਤਰਜਾਤੀ ਵਿਆਹ ਨੂੰ ਦੋਵੇਂ ਪਰਿਵਾਰਾਂ ਦੀ ਸਹਿਮਤੀ ਮਿਲੀ , ਇਹ ਓਮ ਪ੍ਰਕਾਸ਼ ਦੀ ਵੱਡੀ ਪ੍ਰਾਪਤੀ ਸੀ। ਪੁਸਤਕ ਬਾਰੇ ਗੱਲ ਕਰਦਿਆਂ ਪੰਜਾਬੀ ਦੇ ਸਮਰੱਥ ਗ਼ਜ਼ਲਗੋ ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਓਮ ਪ੍ਰਕਾਸ਼ ਸਰੋਏ ਵੱਲੋਂ ਸਿਰਜਣਾਤਮਕ ਤਰੀਕੇ ਨਾਲ ਸ਼ਬਦ ਦੇ ਆਸਰੇ ਆਪਣੀ ਪਤਨੀ ਦੇ ਵਿਛੋੜੇ ਦੇ ਗ਼ਮ ਨੂੰ ਸਹਿਣ ਕਰਨ ਦਾ ਯਤਨ ਕੀਤਾ ਹੈ ਜੋ ਸ਼ਲਾਘਾਯੋਗ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ.ਜਸਪਾਲ ਘਈ ਨੇ ਆਪਣੇ ਵਿਚਾਰਾਂ ਵਿੱਚ ਸਮੁੱਚੇ ਸਮਾਗਮ ਨੂੰ ਸਮੇਟਦਿਆਂ ਓਮ ਪ੍ਰਕਾਸ਼ ਸਰੋਏ ਨੂੰ ਇੱਕ ਵਿਲੱਖਣ ਨਾਵਲੀ ਕ੍ਰਿਤ ਦੀ ਰਚਨਾ ਲਈ ਮੁਬਾਰਕਬਾਦ ਦਿੱਤੀ ਅਤੇ ਕਲਾਪੀਠ ਦੀ ਪ੍ਰਸੰਸਾ ਕੀਤੀ ਕਿ ਉਹਨਾਂ ਨੇ ਇਸ ਨਾਵਲ ਉੱਪਰ ਗਹਿਰ ਗੰਭੀਰ ਸਮਾਗਮ ਰਚਾਇਆ।

ਤਕਰੀਬਨ ਦੋ ਘੰਟੇ ਚੱਲੀ ਇਸ ਵਿਚਾਰ ਗੋਸ਼ਟੀ ਵਿੱਚ ਸਰਵ ਸ਼੍ਰੀ ਡਾ.ਜਗਦੀਪ ਸੰਧੂ , ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਿਆਲ ਸਿੰਘ ਵਿਰਕ , ਸੰਦੀਪ ਚੌਧਰੀ , ਸੁਖਵਿੰਦਰ ਸਿੰਘ ਬੀਪੀਈਓ ਮਾਸਟਰ ਕੁਲਵੰਤ ਸਿੰਘ , ਕੁਲਵਿੰਦਰ ਸਿੰਘ , ਪ੍ਰੋ.ਆਜ਼ਾਦਵਿੰਦਰ ਸਿੰਘ , ਡਾ.ਮਨਜੀਤ ਕੌਰ ਆਜ਼ਾਦ , ਪ੍ਰੋ ਕੁਲਬੀਰ ਮਲਿਕ , ਸੁਖਦੇਵ ਭੱਟੀ , ਪ੍ਰੋ.ਗੁਰਪਿੰਦਰ , ਸੁਖਵਿੰਦਰ ਜੋਸ਼ , ਕੰਵਲ ਦ੍ਰਵਿੜ , ਮਹਿੰਦਰ ਸਿੰਘ , ਬਲਰਾਜ ਸਿੰਘ , ਹੀਰਾ ਸਿੰਘ ਤੂਤ ,ਸੰਦੀਪ ਬੱਬਰ, ਪਾਰਸ ਖੁੱਲਰ ਬੀਪੀਈਓ, ਹੁਕਮ ਚੰਦ , ਅਰਪਣ ਸਰੋਏ ਕੈਨੇਡਾ ਅਤੇ
ਸਮੇਤ ਬਹੁਤ ਸਾਰੇ ਲੇਖਕਾਂ ਬੁੱਧੀਜੀਵੀਆਂ ਪਾਠਕਾਂ ਨੇ ਹਿੱਸਾ ਲਿਆ। ਸਮੁੱਚੇ ਪ੍ਰੋਗਰਾਮ ਨੂੰ ਮਾਲਵਾ ਟੀਵੀ ਉੱਪਰ ਬ੍ਰਾਡਕਾਸਟ ਕੀਤਾ ਜਾਏਗਾ । ਸੁਰਿੰਦਰ ਕੰਬੋਜ ਨੇ ਕਲਾਪੀਠ ਵੱਲੋਂ ਸਾਰੇ ਮਹਿਮਾਨਾਂ ਅਤੇ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੀ ਮੈਨੇਜਮੈਂਟ , ਪ੍ਰਿੰਸੀਪਲ ਅਤੇ ਸਟਾਫ਼ ਦਾ ਸ਼ੁਕਰੀਆ ਅਦਾ ਕੀਤਾ।

 

error: Content is protected !!