ਫੜਿਆ ਗਿਆ ਸਾਬਕਾ ਏਐਸਆਈ, ਉਸ ਦੀ ਪਤਨੀ ਤੇ ਪੁੱਤ ਦੀ ਹੱਤਿਆ ਕਰਨ ਵਾਲਾ, ਦੀਨਾਨਗਰ ਵਿਚ ਵੀ ਔਰਤ ਦੀ ਹੱਤਿਆ ਕਰ ਲਾਸ਼ ਗਟਰ ਵਿਚ ਸੁੱਟ ਚੁੱਕੈ ਮੁਲਜ਼ਮ

ਫੜਿਆ ਗਿਆ ਸਾਬਕਾ ਏਐਸਆਈ, ਉਸ ਦੀ ਪਤਨੀ ਤੇ ਪੁੱਤ ਦੀ ਹੱਤਿਆ ਕਰਨ ਵਾਲਾ, ਦੀਨਾਨਗਰ ਵਿਚ ਵੀ ਔਰਤ ਦੀ ਹੱਤਿਆ ਕਰ ਲਾਸ਼ ਗਟਰ ਵਿਚ ਸੁੱਟ ਚੁੱਕੈ ਮੁਲਜ਼ਮ

ਵੀਓਪੀ ਬਿਊਰੋ, ਲੁਧਿਆਣਾ-ਇਥੋਂ ਦੇ ਪਿੰਡ ਨੂਰਪੁਰ ’ਚ ਹੋਏ ਟ੍ਰਿਪਲ ਮਰਡਰ ਦਾ ਮਾਮਲਾ ਸੁਲਝ ਗਿਆ ਹੈ। ਪਿੰਡ ਨੂਰਪੁਰ ਵਿਚ ਰਿਟਾਇਰਡ ਏਐੱਸਆਈ ਕੁਲਦੀਪ ਸਿੰਘ, ਉਸ ਦੀ ਪਤਨੀ ਤੇ ਬੇਟੇ ਦਾ ਬੇਰਹਿਮੀ ਨਾਲ ਕ੍ਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਲਜ਼ਮਾਂ ਨੂੰ ਫੜ ਨਹੀਂ ਸਕੀ ਸੀ। ਪਰ ਹੁਣ ਇਹ ਮਾਮਲਾ ਆਖਿਰ ਸੁਲਝ ਗਿਆ ਹੈ।
ਦਰਅਸਲ, ਪਿੰਡ ਨੂਰਪੁਰ ਦੀ ਵਾਰਦਾਤ ਤੋਂ ਬਾਅਦ ਤੇ ਅੱਜ ਤੋਂ ਕੁਝ ਹੀ ਦਿਨ ਪਹਿਲਾਂ ਫਿਲੌਰ ਦੇ ਤਲਵੰਡੀ ਕਲਾਂ ਇਲਾਕੇ ਦੇ ਇਕ ਘਰ ਵਿਚ ਇਕ ਮੁਲਜ਼ਮ ਨੇ ਦਾਖਲ ਹੋ ਕੇ ਪਰਿਵਾਰ ਉਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਤਾਂ ਫਰਾਰ ਹੋ ਗਿਆ ਪਰ ਉਸ ਦੀ ਪਿਸਤੌਲ ਉਥੇ ਹੀ ਡਿੱਗ ਗਈ ਤੇ ਬਾਈਕ ਵੀ ਉਥੇ ਹੀ ਰਹਿ ਗਈ। ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਪਿਸਤੌਲ ਨੂਰਪੁਰ ਵਿਚ ਕਤਲ ਹੋਏ ਸਾਬਕਾ ਏਐਸਆਈ ਦੇ ਪੁੱਤ ਦੀ ਹੈ। ਮੁਲਜ਼ਮ ਮਿਥੁਨ ਉਰਫ ਪ੍ਰੇਮ ਚੰਦ ਹੈ, ਜਿਸ ਨੂੰ ਥਾਣਾ ਫਿਲੌਰ ਦੀ ਪੁਲਿਸ ਨੇ 2 ਦਿਨ ਪਹਿਲਾਂ ਕਾਬੂ ਕਰ ਲਿਆ। ਫਿਲੌਰ ਪੁਲਿਸ ਨੇ ਲੁਧਿਆਣਾ ਪੁਲਸ ਨੂੰ ਸਭ ਕੁਝ ਦੱਸ ਦਿੱਤਾ ਹੈ, ਜਿਸ ਤੋਂ ਬਾਅਦ ਲੁਧਿਆਣਾ ਪੁਲਸ ਨੇ ਮੁਲਜ਼ਮ ਤੋਂ ਪੁੱਛਗਿੱਛ ਵੀ ਕੀਤੀ ਸੀ ਪਰ ਹੁਣ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਤੋਂ ਪੁੱਛਗਿੱਛ ਕਰਨ ਦੀ ਤਿਆਰੀ ’ਚ ਹੈ।
ਜਾਣਕਾਰੀ ਮੁਤਾਬਕ 2 ਜੂਨ ਨੂੰ ਫਿਲੌਰ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ’ਚ ਪੁਲਿਸ ਨੇ ਮਿਥੁਨ ਉਰਫ ਪ੍ਰੇਮਚੰਦ ਨੂੰ ਕਾਬੂ ਕਰਨ ਬਾਰੇ ਦੱਸਿਆ ਸੀ। ਉਕਤ ਮੁਲਜ਼ਮ ਨੇ ਫਿਲੌਰ ਦੀਆਂ ਔਰਤਾਂ ’ਤੇ ਲੁੱਟ-ਖੋਹ ਲਈ ਜਾਨਲੇਵਾ ਹਮਲਾ ਕੀਤਾ ਸੀ। ਉੁਸ ਤੋਂ ਪੁੱਛਗਿੱਛ ’ਚ ਪਤਾ ਲੱਗਾ ਸੀ ਕਿ ਉਸ ਨੇ ਦੀਨਾਨਗਰ ’ਚ ਵੀ ਇਕ ਔਰਤ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਗਟਰ ’ਚ ਸੁੱਟ ਦਿੱਤਾ ਸੀ।
ਜਦ ਪੁਲਿਸ ਨੇ ਪੁੱਛਗਿੱਛ ਦੌਰਾਨ ਸਖ਼ਤ ਕੀਤੀ ਤਾਂ ਪਤਾ ਲੱਗਾ ਕਿ ਮਿਥੁਨ ਨੇ ਹੀ ਪਿੰਡ ਨੂਰਪੂਰ ਸਥਿਤ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਸਮੇਤ ਬੇਟੇ ਦਾ ਕਤਲ ਕੀਤਾ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਫਿਲੌਰ ਚਲਾ ਗਿਆ ਸੀ। ਇਸ ਤੋਂ ਬਾਅਦ ਫਿਰ ਕੁਝ ਦਿਨ ਪਹਿਲਾਂ ਮੁਲਜ਼ਮ ਤਲਵੰਡੀ ਕਲਾਂ ’ਚ ਗਿਆ ਸੀ, ਜਿੱਥੇ ਉਸ ਨੇ ਇਕ ਪਰਿਵਾਰ ’ਤੇ ਹਮਲਾ ਕਰ ਦਿੱਤਾ ਸੀ।


ਤਲਵੰਡੀ ਕਲਾਂ ਵਿਚ ਇਕ ਘਰ ’ਚ ਕੁੱਤਾ ਭੌਂਕ ਰਿਹਾ ਸੀ, ਇਸ ਲਈ ਉਸ ਨੇ ਗੋਲ਼ੀ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ ਅਤੇ ਪਰਿਵਾਰ ਦੇ ਇਕ ਨੌਜਵਾਨ ’ਤੇ ਵੀ ਗੋਲ਼ੀ ਚਲਾਈ ਸੀ, ਜੋ ਉਸ ਦੇ ਮੂੰਹ ਨੂੰ ਛੂਹ ਕੇ ਨਿਕਲ ਗਈ ਸੀ। ਇਸ ਤੋਂ ਬਾਅਦ ਮੁਲਜ਼ਮ ਨੂੰ ਘਰ ਵਾਲਿਆਂ ਨੇ ਫੜਨ ਦਾ ਯਤਨ ਕੀਤਾ ਸੀ । ਮੁਲਜ਼ਮ ਦੀ ਰਿਵਾਲਵਰ ਹੇਠਾਂ ਡਿੱਗ ਗਈ ਸੀ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਮੁਲਜ਼ਮ ਦਾ ਮੋਟਰਸਾਈਕਲ ਵੀ ਉੱਥੇ ਰਹਿ ਗਿਆ ਸੀ, ਜੋ ਥਾਣਾ ਲਾਡੋਵਾਲ ਦੀ ਪੁਲਿਸ ਨੇ ਮੋਟਰਸਾਈਕਲ ਅਤੇ ਰਿਵਾਲਵਰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਬਾਅਦ ’ਚ ਪਤਾ ਲੱਗਾ ਕਿ ਜੋ ਰਿਵਾਲਵਰ ਮਿਲੀ ਸੀ, ਉਹ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ ਦੇ ਪੁੱਤ ਦੀ ਸੀ।

error: Content is protected !!