ਅਬੋਹਰ-ਕਿੱਲਿਆਂਵਾਲੀ ਬਾਈਪਾਸ ਵਿਖੇ ਦਰਦਨਾਕ ਹਾਦਸਾ, ਜੀਜਾ-ਸਾਲੇਹਾਰ ਦੀ ਮੌਤ, ਤਿੰਨ ਜ਼ਖ਼ਮੀ

ਅਬੋਹਰ-ਕਿੱਲਿਆਂਵਾਲੀ ਬਾਈਪਾਸ ਵਿਖੇ ਦਰਦਨਾਕ ਹਾਦਸਾ, ਜੀਜਾ-ਸਾਲੇਹਾਰ ਦੀ ਮੌਤ, ਤਿੰਨ ਜ਼ਖ਼ਮੀ


ਵੀਓਪੀ ਬਿਊਰੋ, ਅਬੋਹਰ : ਬੀਤੇ ਦਿਨੀਂ ਅਬੋਹਰ-ਕਿੱਲਿਆਂਵਾਲੀ ਬਾਈਪਾਸ ’ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚੋਂ ਇਕ ਨੌਜਵਾਨ ਅਤੇ ਉਸ ਦੀ ਸਾਲੇਹਾਰ ਦੀ ਸ੍ਰੀਗੰਗਾਨਗਰ ’ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖ਼ਮੀ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਜਾਣਕਾਰੀ ਅਨੁਸਾਰ ਨਵੀਂ ਆਬਾਦੀ, ਵੱਡੀ ਪੌੜੀ ਵਾਸੀ ਤਰਸੇਮ ਪੁੱਤਰ ਮੂਲਚੰਦ ਬੀਤੀ ਦੁਪਹਿਰ ਕਰੀਬ 12 ਵਜੇ ਆਪਣੀ ਸਾਲੇਹਾਰ ਰਜਨੀ (35) ਪਤਨੀ ਦੀਪਕ ਕੁਮਾਰ ਵਾਸੀ ਚੂਹੜੀਵਾਲਾ ਧੰਨਾ ਤੇ ਆਰਿਆ ਨਗਰ ਵਾਸੀ ਆਪਣੀ ਭੂਆ ਸੱਸ ਅੰਗੂਰੀ ਦੇਵੀ ਨਾਲ ਮੋਟਰਸਾਈਕਲ ’ਤੇ ਚੂਹੜੀਵਾਲਾ ਧੰਨਾ ਛੱਡਣ ਲਈ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਕਿੱਲਿਆਂਵਾਲੀ ਬਾਈਪਾਸ ’ਤੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ’ਚ ਅੰਗੂਰੀ ਦੇਵੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਦਕਿ ਤਰਸੇਮ ਅਤੇ ਰਜਨੀ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਰੈਫਰ ਕਰ ਦਿੱਤਾ। ਜਿੱਥੋਂ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਸ੍ਰੀਗੰਗਾਨਗਰ ਲੈ ਗਿਆ ਪਰ ਇਲਾਜ ਦੌਰਾਨ ਤਰਸੇਮ ਅਤੇ ਰਜਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਰਸੇਮ ਦੇ ਇਕ ਮੁੰਡਾ ਅਤੇ ਦੋ ਕੁੜੀਆਂ ਹਨ ਜਦਕਿ ਮ੍ਰਿਤਕ ਰਜਨੀ ਦੇ ਦੋ ਮੁੰਡੇ ਹਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।

error: Content is protected !!