ਆਰਟੀਆਈ ਵਿਚ ਖੁਲਾਸਾ, ਪ੍ਰਿੰਸੀਪਲਾਂ ਦੇ ਵਿਦੇਸ਼ੀ ਦੌਰੇ ਲਈ ਪੰਜਾਬ ਸਰਕਾਰ ਨੇ ਖਰਚੇ 1 ਕਰੋੜ 85 ਲੱਖ ਰੁਪਏ

ਆਰਟੀਆਈ ਵਿਚ ਖੁਲਾਸਾ, ਪ੍ਰਿੰਸੀਪਲਾਂ ਦੇ ਵਿਦੇਸ਼ੀ ਦੌਰੇ ਲਈ ਪੰਜਾਬ ਸਰਕਾਰ ਨੇ ਖਰਚੇ 1 ਕਰੋੜ 85 ਲੱਖ ਰੁਪਏ

ਵੀਓਪੀ ਬਿਊਰੋ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਵਿਦੇਸ਼ ਦੀ ਤਰਜ਼ ’ਤੇ ਸਿੱਖਿਆ ਪ੍ਰਣਾਲੀ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ।ਫਰਵਰੀ ਤੇ ਮਾਰਚ ਦੇ ਮਹੀਨਿਆਂ ਵਿਚ ਭੇਜੇ ਗਏ ਤਿੰਨ ਗਰੁੱਪਾਂ ’ਤੇ ਪੰਜਾਬ ਸਰਕਾਰ ਵੱਲੋਂ ਕੁੱਲ 1 ਕਰੋੜ 85 ਲੱਖ 40 ਹਜ਼ਾਰ 182 ਰੁਪਏ ਖਰਚ ਕੀਤੇ ਗਏ ਹਨ। ਇਹ ਖੁਲਾਸਾ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਤੋਂ ਹੋਇਆ ਹੈ।


ਇਸ ਸਬੰਧੀ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਜਾਣਕਾਰੀ ਮੰਗੀ ਗਈ ਸੀ। ਡਾਇਰੈਕਟਰ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸਸੀਈਆਰਟੀ) ਪੰਜਾਬ ਵੱਲੋਂ ਪੱਤਰ ਨੰਬਰ 497 ਰਾਹੀਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਣ ਵਾਲਾ ਪਹਿਲਾ ਗਰੁੱਪ 4 ਫਰਵਰੀ 2023 ਨੂੰ ਰਵਾਨਾ ਹੋਇਆ ਸੀ ਅਤੇ ਉਸ ਗਰੁੱਪ ਦੀ ਵਾਪਸੀ 11 ਫਰਵਰੀ 2023 ਨੂੰ ਹੋਈ ਸੀ। ਇਸ ਦੌਰੇ ’ਤੇ 1 ਕਰੋੜ 10 ਲੱਖ 83 ਹਜ਼ਾਰ 55 ਰੁਪਏ (110 ਲੱਖ ਰੁਪਏ) ਖਰਚ ਕੀਤੇ ਗਏ ਹਨ। ਇਸ ਦੌਰੇ ’ਤੇ ਕੁੱਲ 36 ਸਰਕਾਰੀ ਮੁਲਾਜ਼ਮ ਭੇਜੇ ਗਏ ਸਨ, ਜਿਨ੍ਹਾਂ ਵਿਚ 34 ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, 2 ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ 2 ਸਰਕਾਰੀ ਮੁਲਾਜ਼ਮਾਂ ਨੂੰ ਬਤੌਰ ਇੰਚਾਰਜ ਅਫ਼ਸਰ ਸਿੰਗਾਪੁਰ ਭੇਜਿਆ ਗਿਆ ਸੀ।

ਇਸੇ ਤਰ੍ਹਾਂ ਦੂਜਾ ਗਰੁੱਪ 4 ਮਾਰਚ 2023 ਨੂੰ ਰਵਾਨਾ ਹੋਇਆ ਅਤੇ 11 ਮਾਰਚ 2023 ਨੂੰ ਵਾਪਸ ਆਇਆ, ਜਿਸ ’ਤੇ 74 ਲੱਖ 57 ਹਜ਼ਾਰ 127 ਰੁਪਏ ਖਰਚ ਕੀਤੇ ਗਏ ਹਨ। ਗਰੁੱਪ ਵਿਚ 30 ਸਰਕਾਰੀ ਕਰਮਚਾਰੀ ਭੇਜੇ ਗਏ, ਜਿਨ੍ਹਾਂ ਵਿਚ 23 ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਤੋਂ ਇਲਾਵਾ 3 ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, 3 ਸਹਾਇਕ ਡਾਇਰੈਕਟਰ, 1 ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਿੰਗਾਪੁਰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ 1 ਸਰਕਾਰੀ ਮੁਲਾਜ਼ਮ ਨੂੰ ਬਤੌਰ ਅਫਸਰ ਇੰਚਾਰਜ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਸੀ। ਫਰਵਰੀ 2023 ਅਤੇ ਮਾਰਚ 2023 ਦੌਰਾਨ ਕੁੱਲ 66 ਸਰਕਾਰੀ ਕਰਮਚਾਰੀਆਂ ਨੂੰ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ 3 ਸਰਕਾਰੀ ਕਰਮਚਾਰੀਆਂ ਨੂੰ ਇੰਚਾਰਜ ਵਜੋਂ ਅਧਿਕਾਰੀ ਬਣਾਇਆ ਗਿਆ ਸੀ। ਤੀਜਾ ਗਰੁੱਪ ਸ਼ਨੀਵਾਰ 22 ਜੁਲਾਈ 2023 ਨੂੰ ਰਵਾਨਾ ਹੋਇਆ ਹੈ। ਇਸ ਗਰੁੱਪ ਵਿਚ 72 ਪਿ੍ਰੰਸੀਪਲ ਅਤੇ ਅਧਿਆਪਕ ਸ਼ਾਮਲ ਹਨ। ਇਸ ਤਰ੍ਹਾਂ ਸਿੱਖਿਆ ਦੌਰੇ ’ਤੇ ਹੁਣ ਤੱਕ 1 ਕਰੋੜ 85 ਲੱਖ 40 ਹਜ਼ਾਰ 182 ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਯਾਤਰਾਵਾਂ ਦਾ ਲੇਖਾ ਜੋਖਾ ਕਰਨ ਵਾਲੀ ਬਾਲਮੇਰ ਲਵੀਏਰ ਟਰੈਵਲਜ਼ ਐਂਡ ਵੈਕੇਸ਼ਨਜ਼, ਇਕ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਹੈ। ਉਕਤ ਕੰਪਨੀ ਨੂੰ ਹਵਾਈ ਜਹਾਜ਼ ਦੀਆਂ ਪਹਿਲੇ ਗਰੁੱਪ ਦੀਆਂ ਟਿਕਟਾਂ ਦੇ ਸਬੰਧ ਵਿਚ 18 ਲੱਖ 10 ਹਜ਼ਾਰ 869 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਏਅਰ ਇੰਡੀਆ ਏਅਰਲਾਈਨਜ਼ ਦੀਆਂ ਟਿਕਟਾਂ ’ਤੇ 7 ਲੱਖ 23 ਹਜ਼ਾਰ 68 ਰੁਪਏ ਅਤੇ ਵਿਸਤਾਰਾ ਏਅਰਲਾਈਨਜ਼ ਦੀਆਂ ਟਿਕਟਾਂ ’ਤੇ 10 ਲੱਖ 87 ਹਜ਼ਾਰ 801 ਰੁਪਏ ਖਰਚ ਕੀਤੇ ਗਏ ਹਨ। ਦੂਜੇ ਗਰੁੱਪ ਦੀਆਂ ਟਿਕਟਾਂ ’ਤੇ 14 ਲੱਖ 23 ਹਜ਼ਾਰ 400 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਪਿ੍ਰੰਸੀਪਲ ਆਦਿ ਨੂੰ ਦਿੱਲੀ ਹਵਾਈ ਅੱਡੇ ’ਤੇ ਲਿਜਾਣ ਲਈ ਪੀਆਰਟੀਸੀ ਦਫ਼ਤਰ ਨੂੰ 800 ਰੁਪਏ ਪ੍ਰਤੀ ਸੀਟ ਅਦਾ ਕੀਤੀ ਗਈ ਹੈ।

error: Content is protected !!