ਆਨਲਾਈਨ ਮੈਰਿਜ ਬਿਊਰੋ ਦੇ ਨਾਂ ਉਤੇ ਐਨਆਰਆਈਜ਼ ਨਾਲ ਮਾਰਦੇ ਸੀ ਠੱਗੀਆਂ, ਰਜਿਸਟਰੇਸ਼ਨ ਦੇ ਨਾਂ ਉਤੇ ਵਸੂਲਦੇ ਸੀ ਮੋਟੀ ਰਕਮ, ਫਿਰ…

ਆਨਲਾਈਨ ਮੈਰਿਜ ਬਿਊਰੋ ਦੇ ਨਾਂ ਉਤੇ ਐਨਆਰਆਈਜ਼ ਨਾਲ ਮਾਰਦੇ ਸੀ ਠੱਗੀਆਂ, ਰਜਿਸਟਰੇਸ਼ਨ ਦੇ ਨਾਂ ਉਤੇ ਵਸੂਲਦੇ ਸੀ ਮੋਟੀ ਰਕਮ, ਫਿਰ…


ਵੀਓਪੀ ਬਿਊਰੋ, ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਫਰਜ਼ੀ ਐੱਨ. ਆਰ. ਆਈ. ਮੈਰਿਜ ਬਿਊਰੋ ਦਾ ਪਰਦਾਫਾਸ਼ ਕੀਤਾ ਹੈ ਐਨਆਰਆਈਜ਼ ਮੈਰਿਜ ਸਰਵਿਸ ਦੇ ਨਾਂ ਉਤੇ ਦਫਤਰ ਖੋਲ੍ਹ ਕੇ ਐੱਨ. ਆਰ. ਆਈਜ਼ ਨੂੰ ਵਿਆਹ ਦਾ ਝਾਂਸਾ ਦੇ ਕੇ ਰਜਿਸਟ੍ਰੇਸ਼ਨ ਫੀਸ ਲੈ ਕੇ ਠੱਗੀ ਮਾਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਮੰਨੀਏ ਤਾਂ ਮੁਲਜ਼ਮ 3 ਸਾਲਾਂ ਵਿਚ ਐੱਨ. ਆਰ. ਆਈਜ਼ ਤੋਂ ਇਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਪੈਸੇ ਠੱਗ ਚੁੱਕੇ ਹਨ। ਇਹ ਫਰਜ਼ੀਵਾੜਾ ਐੱਮਐੱਸਸੀ ਆਈਟੀ ਅਤੇ ਐੱਮ. ਏ. ਇਕਨਾਮਿਕਸ ਦੇ ਸਟੂਡੈਂਟਸ ਕਰ ਰਹੇ ਸਨ, ਜਿਹੜੇ ਦਫਤਰ ਵੀ ਪਾਰਟਨਰਸ਼ਿਪ ਵਿਚ ਚਲਾ ਰਹੇ ਸਨ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਚੌਕੀ ਅਧੀਨ ਛਿਨਮਸਤਿਕਾ ਬਿਲਡਿੰਗ ਦੀ ਚੌਥੀ ਮੰਜ਼ਿਲ ’ਤੇ ਖੁੱਲ੍ਹੇ ਐੱਨਆਰਆਈ ਮੈਰਿਜ ਸਰਵਿਸ ਵਿਚ ਵੱਡੇ ਪੱਧਰ ’ਤੇ ਐੱਨਆਰਆਈਜ਼ ਨਾਲ ਠੱਗੀ ਕੀਤੀ ਜਾ ਰਹੀ ਹੈ।


ਸੀਪੀ ਨੇ ਦੱਸਿਆ ਕਿ ਦਫਤਰ ਦੇ ਮਾਲਕ ਰੋਹਿਤ ਪੁੱਤਰ ਰੰਜਨ ਨਿਵਾਸੀ ਉਪਕਾਰ ਨਗਰ ਅਤੇ ਆਨੰਦ ਸ਼ੁਕਲਾ ਪੁੱਤਰ ਰਾਮ ਭਵਨ ਨਿਵਾਸੀ ਨਿਊ ਅਮਰੀਕ ਨਗਰ ਨੇ ਐੱਨ. ਆਰ. ਆਈ. ਮੈਰਿਜ ਸਰਵਿਸ ਦੇ ਨਾਂ ਦਾ ਐਪ ਵੀ ਬਣਾਇਆ ਸੀ, ਜਿਸ ਵਿਚ ਉਨ੍ਹਾਂ ਵਰਚੁਅਲ ਨੰਬਰ ਪਾਏ ਹੋਏ ਹਨ, ਜਦੋਂ ਕਿ ਹੋਰ ਰਜਿਸਟ੍ਰੇਸ਼ਨ ਮੈਟਰੀਮੋਨੀਅਲ ਵੈੱਬਸਾਈਟਸ ਤੋਂ ਨੌਜਵਾਨਾਂ ਦੀ ਪ੍ਰੋਫਾਈਲ ਕਾਪੀ ਕਰ ਕੇ ਉਸ ਨੂੰ ਮੋਡੀਫਾਈ ਕਰ ਕੇ ਉਹ ਆਪਣੇ ਐਪ ਵਿਚ ਪਾ ਦਿੰਦੇ ਸਨ। ਮੁਲਜ਼ਮ ਅਖਬਾਰਾਂ ਵਿਚ ਮੈਟਰੀਮੋਨੀਅਲ ਇਸ਼ਤਿਹਾਰਾਂ ਵਿਚੋਂ ਐੱਨ. ਆਰ. ਆਈਜ਼ ਦੇ ਮੋਬਾਈਲ ਨੰਬਰ ਲੈ ਕੇ ਉਹ (ਐੱਨ.ਆਰ.ਆਈ.) ਜਿਸ ਵੀ ਕੰਟਰੀ ਵਿਚ ਹੁੰਦੇ ਸਨ, ਉਥੋਂ ਦੇ ਲੋਕਲ ਨੰਬਰ ਤੋਂ ਜਲੰਧਰ ਵਿਚ ਬੈਠ ਕੇ ਕਾਲ ਕਰ ਦਿੰਦੇ ਸਨ ਅਤੇ ਆਪਣੇ ਐਪ ਵਿਚ ਮੋਡੀਫਾਈ ਕਰਕੇ ਪਾਈ ਗਈ ਪ੍ਰੋਫਾਈਲ ਦਿਖਾ ਕੇ ਐੱਨ. ਆਰ. ਆਈਜ਼ ਦੀ ਪ੍ਰੋਫਾਈਲ ਬਣਾ ਕੇ ਡਾਲਰਾਂ ਵਿਚ ਰਜਿਸਟ੍ਰੇਸ਼ਨ ਫੀਸ ਟਰਾਂਸਫਰ ਕਰਵਾ ਲੈਂਦੇ ਸਨ।


ਪੈਸੇ ਆਉਣ ਤੋਂ ਬਾਅਦ ਮੁਲਜ਼ਮ ਜਾਂ ਤਾਂ ਆਪਣਾ ਨੰਬਰ ਬਦਲ ਲੈਂਦੇ ਸਨ ਜਾਂ ਫਿਰ ਐੱਨ. ਆਰ.ਆਈ. ਦੇ ਫੋਨ ਚੁੱਕਣੇ ਬੰਦ ਕਰ ਦਿੰਦੇ ਸਨ। ਇਸ ਸਾਰੇ ਧੰਦੇ ਲਈ ਮੁਲਜ਼ਮ ਆਪਣੇ ਦਫਤਰ ਵਿਚ ਵਰਚੁਅਲ ਮੋਬਾਈਲ ਨੰਬਰਾਂ ਦੇ ਨਾਲ-ਨਾਲ ਲੈਪਟਾਪ, ਕੰਪਿਊਟਰ ਅਤੇ ਲੈਂਡਲਾਈਨ ਫੋਨ ਦੀ ਵੀ ਵਰਤੋਂ ਕਰਦੇ ਸਨ।

ਮੁਲਜ਼ਮਾਂ ਨੇ ਐੱਨ. ਆਰ. ਆਈਜ਼ ਨੂੰ ਠੱਗਣ ਲਈ 2-2 ਵੈੱਬਸਾਈਟਾਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਦੇ ਨਾਂ ਵੀ ਵੱਖ-ਵੱਖ ਸਨ। ਮੁਲਜ਼ਮਾਂ ਦਾ ਮੰਨਣਾ ਸੀ ਕਿ ਐੱਨ. ਆਰ. ਆਈਜ਼ ਨੂੰ ਠੱਗਣਾ ਆਸਾਨ ਹੋਵੇਗਾ ਕਿਉਂਕਿ ਉਹ ਨਾ ਤਾਂ ਸ਼ਿਕਾਇਤ ਕਰਨਗੇ ਅਤੇ ਨਾ ਹੀ ਪੁਲਿਸ ਨੂੰ ਉਨ੍ਹਾਂ ਬਾਰੇ ਪਤਾ ਲੱਗੇਗਾ।

ਸੀ. ਆਈ. ਏ. ਸਟਾਫ ਦੀ ਟੀਮ ਨੇ ਉਨ੍ਹਾਂ ਦੇ ਦਫਤਰ ਵਿਚ ਰੇਡ ਕਰ ਕੇ ਰੋਹਿਤ ਅਤੇ ਆਨੰਦ ਨੂੰ ਗ੍ਰਿਫ਼ਤਾਰ ਕਰ ਕੇ ਦਫਤਰ ਵਿਚੋਂ 7 ਕੰਪਿਊਟਰ, ਮੋਬਾਈਲ, 3 ਲੈਪਟਾਪ, ਟੈਲੀਫੋਨ ਅਤੇ 16,500 ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਦਫਤਰ ਵਿਚ ਸਟਾਫ ਵੀ ਰੱਖਿਆ ਹੋਇਆ ਸੀ। ਸੀਪੀ ਚਾਹਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਹੋਰਨਾਂ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭਾਲ ਵਿਚ ਉਹ ਰੇਡ ਕਰ ਰਹੇ ਹਨ।

error: Content is protected !!