ਪੰਜਾਬੀ ਸਿਨੇਮਾ ਨੂੰ ਵਿਲੱਖਣਤਾ ਦੇ ਨਵੇਂ ਰੰਗਾਂ ਵਿੱਚ ਰੰਗੇਗੀ  ਫ਼ਿਲਮ ‘ਜੂਨੀਅਰ’

ਪੰਜਾਬੀ ਸਿਨੇਮਾ ਨੂੰ ਵਿਲੱਖਣਤਾ ਦੇ ਨਵੇਂ ਰੰਗਾਂ ਵਿੱਚ ਰੰਗੇਗੀ  ਫ਼ਿਲਮ ‘ਜੂਨੀਅਰ’

ਪੰਜਾਬੀ ਸਿਨਮਾ ਦੀ ਡੋਰ ਨੌਜਵਾਨ ਹੱਥਾਂ ਵਿੱਚ ਆਉਣ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਨਵੇਂ ਨਵੇਂ ਤਜਰਬੇ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਹੁਣ ਪੰਜਾਬੀ ਫ਼ਿਲਮਾਂ ਸਿਰਫ ਪੰਜਾਬੀ ਦਰਸ਼ਕਾਂ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ । ਇਸ ਗੱਲ ਦੀ ਗਵਾਹੀ ਪੰਜਾਬੀ ਫ਼ਿਲਮ “ਜੂਨੀਅਰ” ਭਰਦੀ ਹੈ। ਇਹ ਪੰਜਾਬੀ ਦੀ ਪਹਿਲੀ ਅਜਿਹੀ ਫ਼ਿਲਮ ਕਹੀ ਜਾ ਸਕਦੀ ਹੈ ਜਿਸ ਦੀ ਭਾਸ਼ਾ ਸਿਰਫ ਪੰਜਾਬੀ ਹੈ ਬਾਕੀ ਸਭ ਕੁਝ ਹਾਲੀਵੁੱਡ ਅਤੇ ਸਾਊਥ ਦੀਆਂ ਵੱਡੀਆਂ ਫ਼ਿਲਮਾਂ ਦੇ ਪੱਧਰ ਦਾ ਹੈ। ਜਿੰਨ੍ਹਾਂ ਦਰਸ਼ਕਾਂ ਜਾਂ ਪਾਠਕਾਂ ਨੇ ਇਸ ਫਿਲਮ ਦਾ ਟ੍ਰੇਲਰ ਦੇਖਿਆ ਹੈ ਉਹ ਇਸ ਗੱਲ ਨਾਲ ਜਰੂਰ ਸਹਿਮਤ ਵੀ ਹੋਣਗੇ। 18 ਅਗਸਤ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਇਹ ਫ਼ਿਲਮ ਐਕਸ਼ਨ ਤੇ ਡਰਾਮਾ ਫ਼ਿਲਮ ਹੈ। ਪੰਜਾਬ ਅਤੇ ਚੰਡੀਗੜ੍ਹ ਸਮੇਤ ਦੁਨੀਆਂ ਦੇ ਤਿੰਨ ਵੱਖ- ਵੱਖ ਦੇਸ਼ਾਂ ਵਿੱਚ ਫਿਲਮਾਈ ਗਈ ਇਹ ਪਰਿਵਾਰਕ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।

“ਨਦਰ ਫਿਲਮਸ” ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਇਹ ਐਕਸ਼ਨ ਤੇ ਡਰਾਮਾ ਫ਼ਿਲਮ ਹੈ। ਇਹ ਫ਼ਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਕਦੇ ਜੁਰਮ ਦੀ ਦੁਨੀਆਂ ਦਾ ਹਿੱਸਾ ਹੁੰਦਾ ਸੀ। ਆਮ ਜ਼ਿੰਦਗੀ ਜਿਓਂ ਰਹੇ ਇਸ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਵੇਲੇ ਤਰਥੱਲੀ ਮੱਚਦੀ ਹੈ ਜਦੋਂ ਉਸਦੀ ਮਾਸੂਮ ਬੇਟੀ ਬਾਜ਼ਾਰ ਵਿੱਚ ਦੋ ਗੁੱਟਾਂ ਦੇ ਆਪਸੀ ਝਗੜੇ ਵਿੱਚ ਗੋਲੀ ਦਾ ਸ਼ਿਕਾਰਾਂ ਬਣ ਜਾਂਦੀ ਹੈ। ਬੱਚੀ ਦੀ ਮੌਤ ਉਸਨੂੰ ਮੁੜ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੰਦੀ ਹੈ। ਇਹ ਫ਼ਿਲਮ ਇੱਕ ਇਨਸਾਨ ਲਈ ਉਸਦੇ ਪਰਿਵਾਰ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।  ਅਮੀਕ ਵਿਰਕ ਤੇ ਸਿਸ਼੍ਰਟੀ ਜੈਨ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਕਬੀਰ ਬੇਦੀ, ਪਰਦੀਪ ਰਾਵਤ ਤੋਂ ਇਲਾਵਾ ਯੋਗਰਾਜ ਸਿੰਘ, ਪ੍ਰਦੀਪ ਚੀਮਾ, ਅਜੇ ਜੇਠੀ, ਰੌਣੀ ਸਿੰਘ, ਕਬੀਰ ਸਿੰਘ ਅਤੇ ਬਾਲ ਅਦਾਕਾਰਾ  ਰਾਣਾ ਜਸਲੀਨ ਨੇ ਅਹਿਮ ਭੂਮਿਕਾ ਨਿਭਾਈ ਹੈ। ਅਮੀਕ ਵਿਰਕ ਦੀ ਹੀ ਲਿਖੀ ਹੋਈ ਇਸ ਫ਼ਿਲਮ ਨੂੰ ਨੌਜਵਾਨ ਫਿਲਮ ਨਿਰਦੇਸ਼ਕ ਹਰਮਨ ਢਿੱਲੋੰ ਨੇ ਡਾਇਰੈਕਟ ਕੀਤਾ ਹੈ।

ਇਸ ਫ਼ਿਲਮ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਅਤੇ ਹਾਲੀਵੁੱਡ ਇੰਡਸਟਰੀ ਨਾਲ ਸਬੰਧਿਤ ਹੈ। ਫ਼ਿਲਮ ਦੀ ਪਹਿਲੀ ਝਲਕ ਨੇ ਹੀ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਦਿਲਚਸਪੀ ਪੈਦਾ ਕਰ ਦਿੱਤੀ ਸੀ। ਫ਼ਿਲਮ ਦੇ ਨਾਇਕ ਅਮੀਕ ਵਿਰਕ ਇਸ ਫ਼ਿਲਮ ਲਈ ਉਹਨਾਂ ਨੂੰ ਬੇਹੱਦ ਮਿਹਨਤ ਕਰਨੀ ਪਈ । ਇਸ ਫ਼ਿਲਮ ਨੂੰ ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ ਹਨ। ਅਮੀਕ ਮੁਤਾਬਕ ਉਹ ਪਿਛਲੇ 10 ਸਾਲਾਂ ਤੋਂ ਫ਼ਿਲਮ ਮੇਕਿੰਗ ਨਾਲ ਜੁੜੇ ਹੋਏ ਹਨ। ਉਹ ਪੰਜਾਬੀ ਸਿਨਮਾ ਦੀਆਂ ਸੀਮਾਵਾਂ ਜਾਣਦੇ ਹਨ। ਉਹਨਾਂ ਇਹ ਫ਼ਿਲਮ ਇਸ ਨਜਰੀਏ ਅਤੇ ਤਰੀਕੇ ਨਾਲ ਬਣਾਈ ਹੈ ਕਿ ਇਸ ਨਾਲ ਵੱਧ ਤੋਂ ਵੱਧ ਗੈਰ ਪੰਜਾਬੀ ਦਰਸ਼ਕ ਵੀ ਜੁੜ ਸਕਣ।  ਇਹ ਫ਼ਿਲਮ ਦੇਖਦਿਆਂ ਦਰਸ਼ਕ ਖੁਦ ਮਹਿਸੂਸ ਕਰਨਗੇ ਕਿ ਪੰਜਾਬੀ ਵਿੱਚ ਵੀ ਇੱਕ ਕੌਮਾਂਤਰੀ ਪੱਧਰ ਦੀ ਫ਼ਿਲਮ ਬਣ ਸਕਦੀ ਹੈ।

ਟੀਵੀ ਇੰਡਸਟਰੀ ਦਾ ਨਾਮਵਰ ਚਿਹਰਾ ਸਿਸ਼੍ਰਟੀ ਜੈਨ ਇਸ ਫਿਲਮ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕਰ ਰਹੀ ਹੈ। ਉਸ ਮੁਤਾਬਕ ਇਹ ਫ਼ਿਲਮ ਨਾ ਕੇਵਲ ਉਸਨੂੰ ਵੱਡੀ ਪਹਿਚਾਣ ਦੇਵੇਗੀ ਬਲਿਕ ਪੰਜਾਬੀ ਸਿਨਮਾ ਲਈ ਵੀ ਇੱਕ ਬੈਂਚ ਮਾਰਕ ਸਾਬਤ ਹੋਵੇਗੀ। ਇਸ ਵਿੱਚ ਉਸਨੇ ਫ਼ਿਲਮ ਦੇ ਨਾਇਕ ਅਮੀਕ ਵਿਰਕ ਦੀ ਪਤਨੀ ਦਾ ਕਿਰਦਾਰ ਅਦਾ ਕੀਤਾ ਹੈ। ਉਸਦਾ ਇਹ ਕਿਰਦਾਰ ਕਈ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣੇਗਾ। ਕਾਮੇਡੀ ਤੇ ਵਿਆਹਾਂ ਵਾਲੀਆਂ ਫਿਲਮਾਂ ਵਿੱਚ ਉਲਝੇ ਪੰਜਾਬੀ ਸਿਨਮਾ ਲਈ ਇਹ ਫਿਲਮ ਬਿਨਾਂ ਸ਼ੱਕ ਇੱਕ ਤਾਜਗੀ ਦੇ ਬੁੱਲੇ ਅਹਿਸਾਸ ਕਰਵਾਏਗੀ।

ਜਿੰਦ ਜਵੰਦਾ 9779591482

error: Content is protected !!