ਪਤਨੀ ਨੂੰ ਸ਼ਰੇ ਬਾਜ਼ਾਰ ਗੰਡਾਸੇ ਨਾਲ ਵੱਢਿਆ, ਵਾਰਦਾਤ ਮਗਰੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

ਪਤਨੀ ਨੂੰ ਸ਼ਰੇ ਬਾਜ਼ਾਰ ਗੰਡਾਸੇ ਨਾਲ ਵੱਢਿਆ, ਵਾਰਦਾਤ ਮਗਰੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼


ਵੀਓਪੀ ਬਿਊਰੋ, ਸੁਨਾਮ : ਸੋਮਵਾਰ ਸਵੇਰੇ ਕੰਮ ‘ਤੇ ਜਾ ਰਹੀ ਪਤਨੀ ਨੂੰ ਪਤੀ ਨੇ ਗੰਡਾਸੇ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਹਮਲੇ ਤੋਂ ਬਾਅਦ ਮੌਕੇ ਉਤੇ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਹ ਘਟਨਾ ਸੁਨਾਮ ਸ਼ਹਿਰ ਦੇ ਵਪਾਰਕ ਹੱਬ ਵਜੋਂ ਮੰਨੇ ਜਾਂਦੇ ਨਵਾਂ ਬਾਜ਼ਾਰ ‘ਚ ਵਾਪਰੀ।


ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਵਾਰਦਾਤ ਵੇਖ ਉਥੇ ਮੌਜੂਦ ਸਾਰੇ ਲੋਕ ਘਬਰਾ ਗਏ। ਜਦੋਂ ਚਸ਼ਮਦੀਦਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਲੋਕਾਂ ਵੱਲ ਵੀ ਗੰਡਾਸਾ ਲਹਿਰਾਉਣਾ ਸ਼ੁਰੂ ਕਰ ਦਿੱਤਾ। ਭਾਰੀ ਜੱਦੋਜਹਿਦ ਤੋਂ ਬਾਅਦ ਕੁਝ ਨੌਜਵਾਨਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।


ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਸੁਨਾਮ ਦੇ ਰਹਿਣ ਵਾਲੇ ਗੁਰਦਿਆਲ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈਕੇ ਪਿਛਲੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਰਾਜਵਿੰਦਰ ਕੌਰ ਆਪਣੀ ਮਾਂ ਕੋਲ ਪੇਕੇ ਘਰ ਰਹਿ ਰਹੀ ਸੀ ਤੇ ਕਿਸੇ ਦੁਕਾਨ ‘ਤੇ ਨੌਕਰੀ ਕਰ ਰਹੀ ਸੀ। ਸੋਮਵਾਰ ਸਵੇਰੇ ਜਦੋਂ ਉਹ ਕੰਮ ‘ਤੇ ਜਾ ਰਹੀ ਸੀ ਤਾਂ ਰਸਤੇ ‘ਚ ਉਸ ਦੇ ਪਤੀ ਨੇ ਉਸ ‘ਤੇ ਤੇਜ਼ਧਾਰ ਹਥਿਆਰ (ਗੰਡਾਸੇ) ਨਾਲ ਹਮਲਾ ਕਰ ਦਿੱਤਾ। ਬਾਅਦ ‘ਚ ਉਸ ਦੇ ਪਤੀ ਗੁਰਦਿਆਲ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਧਰ, ਲੋਕਾਂ ਵੱਲ ਗੰਡਾਸਾ ਲਹਿਰਾਉਂਦੇ ਮੁਲਜ਼ਮ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

error: Content is protected !!