ਅੰਮ੍ਰਿਤਸਰ ਵਿਚ ਵੱਡੀ ਵਾਰਦਾਤ, 62 ਲੱਖ ਦੀ ਹੋਈ ਲੁੱਟ, ਦੋ ਕਾਰਾਂ ਵਿਚ ਆਏ ਮੁਲਜ਼ਮ ਪਿਸਤੌਲਾਂ ਦੇ ਜ਼ੋਰ ਉਤੇ ਕਰ ਗਏ ਕਾਰਾ

ਅੰਮ੍ਰਿਤਸਰ ਵਿਚ ਵੱਡੀ ਵਾਰਦਾਤ, 62 ਲੱਖ ਦੀ ਹੋਈ ਲੁੱਟ, ਦੋ ਕਾਰਾਂ ਵਿਚ ਆਏ ਮੁਲਜ਼ਮ ਪਿਸਤੌਲਾਂ ਦੇ ਜ਼ੋਰ ਉਤੇ ਕਰ ਗਏ ਕਾਰਾ


ਵੀਓਪੀ ਬਿਊਰੋ, ਅੰਮ੍ਰਿਤਸਰ-ਦਿਨ-ਦਿਹਾੜੇ ਕਾਰ ਸਵਾਰ ਲੁਟੇਰਿਆਂ ਨੇ ਇਕ ਨੌਜਵਾਨ ਨੂੰ ਪਿਸਤੌਲ ਦਿਖਾ ਕੇ 62 ਲੱਖ ਰੁਪਏ ਦੀ ਨਕਦੀ ਲੁੱਟ ਲਈ। ਨੌਜਵਾਨ ਇਹ ਰਕਮ ਬੈਂਕ ਦੇ ਲਾਕਰ ’ਚੋਂ ਕੱਢ ਕੇ ਘਰ ਲੈ ਜਾ ਰਿਹਾ ਸੀ। ਇਹ ਘਟਨਾ ਅੰਮ੍ਰਿਤਸਰ ਥਾਣਾ ਕੰਟੋਨਮੈਂਟ ’ਚ ਪੈਂਦੇ ਮਾਹਲ ਬਾਈਪਾਸ ਵਿਖੇ ਸ਼ਾਮ 4:30 ਵਜੇ ਵਾਪਰੀ।
ਏ.ਸੀ.ਪੀ ਸਰਬਜੀਤ ਸਿੰਘ ਬਾਜਵਾ, ਸੀ.ਆਈ.ਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਥਾਣਾ ਇੰਚਾਰਜ ਹਰਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।


ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਖਤਾਵਰ ਸਿੰਘ ਸ਼ੇਰਗਿੱਲ ਵਾਸੀ ਪੱਧਰੀ ਰੋਡ ਘਰਿੰਡਾ ਇਹ ਪੈਸੇ ਬੈਂਕ ਆਫ ਇੰਡੀਆ ਦੇ ਲਾਕਰ ’ਚੋਂ ਕਢਵਾ ਕੇ ਆਪਣੇ ਘਰ ਲੈ ਜਾ ਰਿਹਾ ਸੀ। ਨੌਜਵਾਨ ਆਪਣੀ ਕਾਰ ਫਾਰਚੂਨਰ ਵਿਚ ਜਾ ਰਿਹਾ ਸੀ। ਜਦੋਂ ਉਹ ਮਹਿਲ ਚੌਕ ਤੋਂ ਇੰਡੀਆ ਗੇਟ ਵੱਲ ਜਾਣ ਲੱਗਾ ਤਾਂ ਇਕ ਇਨੋਵਾ ਅਤੇ ਸਿਡਾਨ ਕਾਰ ਵਿਚ ਸਵਾਰ ਪੰਜ-ਛੇ ਲੁਟੇਰੇ ਆਏ ਅਤੇ ਉਨ੍ਹਾਂ ਦੀ ਕਾਰ ਦੇ ਅੱਗੇ ਆ ਕੇ ਆਪਣੀ ਕਾਰ ਨੂੰ ਰੋਕ ਲਿਆ। ਲੁਟੇਰੇ ਕਾਰ ’ਚੋਂ ਉਤਰੇ ਅਤੇ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਨਕਦੀ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਬਖਤਾਵਰ ਸਿੰਘ ਸ਼ੇਰਗਿੱਲ ਖੇਤੀਬਾੜੀ ਕਰਦੇ ਹਨ ਅਤੇ ਪਿੰਡ ਘਰਿੰਡਾ ਵਿਚ ਇਕ ਜਿੰਮ ਵੀ ਚਲਾਉਂਦੇ ਹਨ। ਪੀੜਤ ਅਨੁਸਾਰ ਉਸ ਦੇ ਇਕ ਰਿਸ਼ਤੇਦਾਰ ਨੇ ਆਪਣੀ ਜ਼ਮੀਨ ਵੇਚ ਕੇ ਪੈਸੇ ਬੈਂਕ ਦੇ ਲਾਕਰ ਵਿਚ ਰੱਖੇ ਸਨ। ਪੀੜਤ ਨੌਜਵਾਨ ਘਟਨਾ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ।


ਦੱਸ ਦਈਏ ਕਿ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਇੰਨੀ ਵੱਡੀ ਰਕਮ ਦਾ ਕੀ ਕਰਨਾ ਸੀ ਅਤੇ ਉਸ ਨੇ ਇੰਨੀ ਵੱਡੀ ਰਕਮ ਲਾਕਰ ਵਿਚ ਕਿਉਂ ਰੱਖੀ ਸੀ। ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

error: Content is protected !!