ਐਲਟੀਸੀ ਛੁੱਟੀ ਦਾ ਬਿੱਲ ਖ਼ਜ਼ਾਨੇ ਵਿੱਚ ਭੇਜਣ ਬਦਲੇ ਕਲਰਕ ਨੇ ਮੰਗੀ 10 ਹਜ਼ਾਰ ਦੀ ਰਿਸ਼ਵਤ, ਟਰੈਪ ਲਾ ਕੇ ਵਿਜੀਲੈਂਸ ਨੇ 5 ਹਜ਼ਾਰ ਰੁਪਏ ਸਮੇਤ ਨੱਪਿਆ

ਐਲਟੀਸੀ ਛੁੱਟੀ ਦਾ ਬਿੱਲ ਖ਼ਜ਼ਾਨੇ ਵਿੱਚ ਭੇਜਣ ਬਦਲੇ ਕਲਰਕ ਨੇ ਮੰਗੀ 10 ਹਜ਼ਾਰ ਦੀ ਰਿਸ਼ਵਤ, ਟਰੈਪ ਲਾ ਕੇ ਵਿਜੀਲੈਂਸ ਨੇ 5 ਹਜ਼ਾਰ ਰੁਪਏ ਸਮੇਤ ਨੱਪਿਆ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਖਿ਼ਲਾਫ਼ ਕਾਰਵਾਈ ਜਾਰੀ ਹੈ। ਹੁਣ ਪੰਜਾਬ ਰੋਡਵੇਜ਼ ਦਫ਼ਤਰ ਅੰਮ੍ਰਿਤਸਰ-2 ਵਿਖੇ ਤਾਇਨਾਤ ਬਿੱਲ ਕਲਰਕ ਹਰਦਿਆਲ ਸਿੰਘ ਨੂੰ ਡਰਾਈਵਰ ਸਾਹਿਬ ਸਿੰਘ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦੇ ਰਹਿਣ ਵਾਲੇ ਸਾਹਿਬ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਵਿਖੇ ਬਤੌਰ ਡਰਾਈਵਰ ਕੰਮ ਕਰਦਾ ਹੈ ਅਤੇ ਉਸ ਨੇ ਵਿਭਾਗ ਤੋਂ ਮਨਜ਼ੂਰੀ ਲੈ ਕੇ 12 ਤੋਂ 23 ਜੂਨ ਤੱਕ ਐੱਲਟੀਸੀ ਛੁੱਟੀ ਲਈ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਬਿੱਲ ਕਲਰਕ ਨੇ ਐਲਟੀਸੀ ਛੁੱਟੀ ਦਾ ਬਿੱਲ ਖ਼ਜ਼ਾਨੇ ਵਿੱਚ ਭੇਜਣ ਬਦਲੇ 10,000 ਰੁਪਏ ਰਿਸ਼ਵਤ ਮੰਗੀ ਸੀ ਅਤੇ ਉਸ (ਸ਼ਿਕਾਇਤਕਰਤਾ) ਦੇ ਵਾਰ-ਵਾਰ ਬੇਨਤੀ ਕਰਨ ’ਤੇ ਉਹ 5000 ਰੁਪਏ ਰਿਸ਼ਵਤ ਬਦਲੇ ਬਿੱਲ ਭੇਜਣ ਲਈ ਰਾਜ਼ੀ ਹੋ ਗਿਆ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਬਿੱਲ ਕਲਰਕ ਹਰਦਿਆਲ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਬਿੱਲ ਕਲਰਕ ਹਰਦਿਆਲ ਸਿੰਘ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ।

error: Content is protected !!