ਥਾਣੇ ਵਿਚ ਆਉਂਦੀ ਕੁੜੀ ਨਾਲ ਛੇੜਛਾੜ! ਚੌਕੀ ਇੰਚਾਰਜ ਤੇ ਸਾਥੀ ਮੁਲਾਜ਼ਮ ਗ੍ਰਿਫ਼ਤਾਰ

ਥਾਣੇ ਵਿਚ ਆਉਂਦੀ ਕੁੜੀ ਨਾਲ ਛੇੜਛਾੜ! ਚੌਕੀ ਇੰਚਾਰਜ ਤੇ ਸਾਥੀ ਮੁਲਾਜ਼ਮ ਗ੍ਰਿਫ਼ਤਾਰ


ਵੀਓਪੀ ਬਿਊਰੋ, ਖੰਨਾ : ਖੰਨਾ ਪੁਲਿਸ ਜ਼ਿਲ੍ਹੇ ਦੀ ਰੌਣੀ ਚੌਕੀ ਵਿਚ ਇਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਦੇ ਦੋਸ਼ ਹੇਠ ਇਸੇ ਚੌਕੀ ਦੇ ਇੰਚਾਰਜ ਬਲਵੀਰ ਸਿੰਘ (ਏਐਸਆਈ) ਤੇ ਉਸ ਦੇ ਸਾਥੀ ਏਐਸਆਈ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਖ਼ਿਲਾਫ਼ ਪਾਇਲ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਕ ਲੜਕੀ ਦਾ ਆਪਣੇ ਪ੍ਰੇਮੀ ਨਾਲ ਝਗੜਾ ਚੱਲ ਰਿਹਾ ਸੀ।

ਜਿਸ ਸਬੰਧੀ ਉਸ ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਸੀ। ਇਸ ਦਰਖ਼ਾਸਤ ਦੀ ਜਾਂਚ ਪੁਲਿਸ ਚੌਕੀ ਰੌਣੀ ਦੇ ਇੰਚਾਰਜ ਬਲਵੀਰ ਸਿੰਘ ਕਰ ਰਹੇ ਸਨ। ਲੜਕੀ ਦਰਖ਼ਾਸਤ ਦੇ ਸਿਲਸਿਲੇ ‘ਚ ਪੁਲਿਸ ਚੌਕੀ ‘ਚ ਆਉਂਦੀ ਜਾਂਦੀ ਸੀ। ਇਸ ਦੌਰਾਨ ਲੜਕੀ ਦਾ ਆਪਣੇ ਪ੍ਰੇਮੀ ਨਾਲ ਰਾਜੀਨਾਮਾ ਹੋ ਗਿਆ।

ਇਸ ਤੋਂ ਬਾਅਦ ਲੜਕੀ ਨੇ ਐੱਸ.ਐੱਸ.ਪੀ. ਖੰਨਾ ਨੂੰ ਸ਼ਿਕਾਇਤ ਕੀਤੀ ਤੇ ਦੋਸ਼ ਲਾਇਆ ਗਿਆ ਕਿ ਜਦੋਂ ਉਸ ਨੂੰ ਚੌਕੀ ਬੁਲਾਇਆ ਜਾਂਦਾ ਸੀ ਤਾਂ ਚੌਕੀ ਇੰਚਾਰਜ ਬਲਵੀਰ ਸਿੰਘ ਅਤੇ ਏ.ਐੱਸ.ਆਈ. ਹਰਮੀਤ ਸਿੰਘ ਉਸ ਨਾਲ ਛੇੜਛਾੜ ਕਰਦੇ ਸਨ। ਇਹ ਦੋਵੇਂ ਉਸ ਨਾਲ ਮਾੜਾ ਵਿਹਾਰ ਕਰਦੇ ਸੀ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਸੀ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਖ਼ਿਲਾਫ਼ ਕੇਸ ਦਰਜ ਕਰਕੇ ਚੌਕੀ ਇੰਚਾਰਜ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

error: Content is protected !!