ਭਾਜਪਾ ਆਗੂ ਦੇ ਗੁਰਦੁਆਰਿਆਂ ਸਬੰਧੀ ਵਿਵਾਦਿਤ ਬਿਆਨ ਉਤੇ ਭੜਕੇ ਸੁਖਜਿੰਦਰ ਰੰਧਾਵਾ, ਸਿੱਖ ਭਾਜਪਾ ਆਗੂ ਸਿਰਸਾ, ਲਾਲਪੁਰਾ ਤੇ ਹੋਰਾਂ ਨੂੰ ਲਿਆ ਲਪੇਟੇ ਵਿਚ

ਭਾਜਪਾ ਆਗੂ ਦੇ ਗੁਰਦੁਆਰਿਆਂ ਸਬੰਧੀ ਵਿਵਾਦਿਤ ਬਿਆਨ ਉਤੇ ਭੜਕੇ ਸੁਖਜਿੰਦਰ ਰੰਧਾਵਾ, ਸਿੱਖ ਭਾਜਪਾ ਆਗੂ ਸਿਰਸਾ, ਲਾਲਪੁਰਾ ਤੇ ਹੋਰਾਂ ਨੂੰ ਲਿਆ ਲਪੇਟੇ ਵਿਚ


ਵੀਓਪੀ ਬਿਊਰੋ, ਅੰਮ੍ਰਿਤਸਰ : ਭਾਜਪਾ ਦੇ ਨੇਤਾ ਵੱਲੋਂ ਗੁਰਦੁਆਰਾ ਸਾਹਿਬਾਨ ਵਿਰੁੱਧ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਭੜਕ ਉਠੇ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਸਿੱਖ ਅਬਾਦੀ ਵਾਲੇ ਲੋਕ ਸਭਾ ਹਲਕੇ ਅਲਵਰ ਵਿਚ ਪੈਂਦੇ ਤਿਜਾਰਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਾਬਾ ਬਾਲਕ ਨਾਥ ਦੀ ਸਿਆਸੀ ਕਾਨਫਰੰਸ ਜਿਸ ਵਿਚ ਮੰਚ ਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਹਾਜ਼ਰੀ ਵਿਚ ਭਾਜਪਾ ਆਗੂ ਸੰਦੀਪ ਦਾਹੀਆ ਵੱਲੋਂ ਇਹ ਕਹਿਣਾ ਕਿ ਗੁਰਦੁਆਰੇ ਨਾਸੂਰ ਬਣ ਗਏ ਹਨ। ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਨਾਪਣ ਦਾ ਘਟੀਆ ਉਪਰਾਲਾ ਕੀਤਾ ਗਿਆ।

ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸਮਖਾਸ ਮੁੱਖ ਮੰਤਰੀ ਨੇ ਭਾਜਪਾ ਦੀ ਇਸ ਘਟੀਆ ਤੇ ਵਿਵਾਦਤ ਟਿੱਪਣੀ ਉਤੇ ਤਾੜੀਆਂ ਮਾਰ ਕੇ ਉਸ ਦੀ ਸ਼ਲਾਘਾ ਕੀਤੀ, ਜਿਸ ਦੀ ਵੀਡੀਓ ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸਿੱਖ ਸੰਗਤਾਂ ਨੇ ਵੇਖੀ ਤੇ ਸੁਣੀ।


ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾਈ ਸਿੱਖ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਕਿਉਂ ਨਹੀਂ ਲਿਆ, ਕੀ ਇਸ ਸ਼ਰਾਰਤੀ ਨੂੰ ਸਿਰਫ ਪਾਰਟੀ ਵਿੱਚੋਂ ਕੱਢ ਦੇਣਾ ਹੀ ਕਾਫ਼ੀ ਸੀ, ਸਟੇਜ ਤੇ ਬੈਠੇ ਆਗੂ ਵੀ ਓਨੇ ਹੀ ਗੁਨਾਹਗਾਰ ਹਨ, ਜਿੰਨਾ ਬੋਲਣ ਵਾਲਾ ਸੀ ਪਰ ਮੈਂ ਆਪਣੇ ਵੀਰ ਮਨਜਿੰਦਰ ਸਿੰਘ ਸਿਰਸਾ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਖਾਸ ਤੌਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਾਹਿਬ ਨੂੰ ਬੇਨਤੀ ਕਰਦਾਂ ਕਿ ਉਨ੍ਹਾਂ ਨੇ ਇਸ ਆਗੂ ਤੇ ਪਰਚਾ ਕਿਉਂ ਨਹੀਂ ਦਰਜ ਕਰਵਾਇਆ। ਸਿਰਸਾ ਜੀ ਤੁਸੀਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਾਖੂਬੀ ਸਮਝਦੇ ਹੋ ਤੁਹਾਡੇ ਤੋਂ ਸਿੱਖਾਂ ਨੂੰ ਆਸ ਸੀ ਕਿ ਤੁਸੀਂ ਜ਼ਰੂਰ ਯੂ. ਪੀ. ਦੇ ਮੁੱਖ ਮੰਤਰੀ ਵਿਰੁੱਧ ਵੀ ਟਿੱਪਣੀ ਕਰੋਗੇ। ਸਟੇਜ ਤੇ ਬੈਠੇ ਆਗੂਆਂ ਵਿਰੁੱਧ ਕਿਉਂ ਨਹੀਂ ਟਿੱਪਣੀ ਕੀਤੀ ਕਿਉਂਕਿ ਉਹ ਭਾਜਪਾ ਹਾਈਕਮਾਂਡ ਦੇ ਅਤਿ ਨਜਦੀਕੀ ਤੇ ਵਫ਼ਾਦਾਰ ਸੀ, ਇਸ ਲਈ ਚੁੱਪ ਹੋ।

error: Content is protected !!