ਜ਼ਮੀਨ ਦਾ ਰਿਕਾਰਡ ਸਹੀ ਕਰਨ ਲਈ ਪਟਵਾਰੀ ਪਿਓ ਤੇ ਪੁੱਤ ਮੰਗ ਰਹੇ ਸੀ ਰਿਸ਼ਵਤ, ਟੋਲ-ਫ੍ਰੀ ਨੰਬਰ ‘ਤੇ ਸ਼ਿਕਾਇਤ ਕਰ ਕੇ ਚੁੱਕਵਾਏ

ਜ਼ਮੀਨ ਦਾ ਰਿਕਾਰਡ ਸਹੀ ਕਰਨ ਲਈ ਪਟਵਾਰੀ ਪਿਓ ਤੇ ਪੁੱਤ ਮੰਗ ਰਹੇ ਸੀ ਰਿਸ਼ਵਤ, ਟੋਲ-ਫ੍ਰੀ ਨੰਬਰ ‘ਤੇ ਸ਼ਿਕਾਇਤ ਕਰ ਕੇ ਚੁੱਕਵਾਏ

ਪੱਟੀ (ਵੀਓਪੀ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਤਹਿਸੀਲ ਪੱਟੀ ਦੇ ਮਾਲ ਹਲਕਾ ਕੀੜੀਆਂ ਦੇ ਸੇਵਾਮੁਕਤ ਪਟਵਾਰੀ ਰਮੇਸ਼ ਚੰਦਰ ਅਤੇ ਉਸ ਦੇ ਪੁੱਤਰ ਵਿਸ਼ਾਲ ਸ਼ਰਮਾ ਨੂੰ ਦੋ ਕਿਸ਼ਤਾਂ ਵਿੱਚ 11000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਵਿਰੁੱਧ ਪਿੰਡ ਕੀੜੀਆਂ, ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸ਼ਕਤੀ ਸਿੰਘ ਵੱਲੋਂ ਬਿਓਰੋ ਦੇ ਟੋਲ ਫਰੀ ਨੰਬਰ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਤਫ਼ਤੀਸ਼ ਦੇ ਆਧਾਰ ‘ਤੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਟਵਾਰੀ ਅਤੇ ਉਸ ਦੇ ਲੜਕੇ ਵਿਸ਼ਾਲ ਨੇ ਵਾਹੀਯੋਗ ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਵਿੱਚ ਸੁਧਾਰ ਕਰਨ ਦੇ ਬਦਲੇ ਸ਼ਿਕਾਇਤਕਰਤਾ ਤੋਂ ਦੋ ਕਿਸ਼ਤਾਂ ਵਿੱਚ 11,000 ਰੁਪਏ ਦੀ ਰਿਸ਼ਵਤ ਲਈ ਸੀ।


ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਨੇ ਉਸ ਦੇ ਪਿਤਾ ਦੀ ਕਰੀਬ 10 ਏਕੜ (81 ਕਨਾਲ) ਜ਼ਮੀਨ ਦੇ ਮਾਲਕੀ ਰਿਕਾਰਡ ਨਾਲ ਛੇੜਛਾੜ ਕਰਕੇ ਉਸ ਦੇ ਚਾਚੇ ਦੇ ਪੁੱਤਰਾਂ ਨੂੰ ਉਸ ਦੀ ਵਾਹੀਯੋਗ ਜ਼ਮੀਨ ਦਾ ਸਹਿ-ਮਾਲਕ ਬਣਾ ਲਿਆ ਹੈ। ਜਦੋਂ ਉਸ ਨੇ ਇਸ ਸਬੰਧੀ ਪਟਵਾਰੀ ਨੂੰ ਸ਼ਿਕਾਇਤ ਕੀਤੀ ਤਾਂ ਦੋਸ਼ੀ ਪਟਵਾਰੀ ਨੇ ਮਾਲ ਰਿਕਾਰਡ ਠੀਕ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਪਟਵਾਰੀ ਨੇ ਮੌਕੇ ’ਤੇ ਹੀ 1000 ਰੁਪਏ ਲੈ ਲਏ ਅਤੇ 10 ਹਜ਼ਾਰ ਰੁਪਏ ਹੋਰ ਰਿਸ਼ਵਤ ਵਜੋਂ ਦੇਣ ਲਈ ਕਿਹਾ।

ਜਾਂਚ ਦੌਰਾਨ ਇਹ ਸਿੱਧ ਹੋਇਆ ਕਿ ਦੋਸ਼ੀ ਪਟਵਾਰੀ ਨੇ 29 ਸਤੰਬਰ 2017 ਨੂੰ ਕਸਬਾ ਹਰੀਕੇ ਵਿਖੇ ਹਰਦੇਵ ਸਿੰਘ ਸੁਨਿਆਰੇ ਦੀ ਦੁਕਾਨ ‘ਤੇ ਉਸ ਦੇ ਲੜਕੇ ਵਿਸ਼ਾਲ ਸ਼ਰਮਾ ਤੋਂ 10,000 ਰੁਪਏ ਲਏ ਸਨ। ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋਵਾਂ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!