ਵੀਡੀਓ ਵਾਇਰਲ ਹੋਈ ਤਾਂ ਪਤਾ ਲੱਗਾ…ਦੋ ਸਾਲਾ ਬੰਧਕ ਬਣਾਈ ਹੋਈ ਸੀ ਨਾਬਾਲਿਗ ਕੁੜੀ, ਗਰਮ ਚਾਕੂ ਨਾਲ ਦਾਗਿਆ ਕੁੜੀ ਦਾ ਚਿਹਰਾ, ਲੁਧਿਆਣੇ ਦਾ ਮਾਮਲਾ

ਵੀਡੀਓ ਵਾਇਰਲ ਹੋਈ ਤਾਂ ਪਤਾ ਲੱਗਾ…ਦੋ ਸਾਲਾ ਬੰਧਕ ਬਣਾਈ ਹੋਈ ਸੀ ਨਾਬਾਲਿਗ ਕੁੜੀ, ਗਰਮ ਚਾਕੂ ਨਾਲ ਦਾਗਿਆ ਕੁੜੀ ਦਾ ਚਿਹਰਾ, ਲੁਧਿਆਣੇ ਦਾ ਮਾਮਲਾ

ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਵਿਚ ਇਕ ਮਕਾਨ ਮਾਲਕਣ ਨੇ 14 ਸਾਲਾ ਲੜਕੀ ਨੂੰ ਦੋ ਸਾਲਾਂ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਲੜਕੀ ਦਾ ਚਿਹਰਾ ਗਰਮ ਚਾਕੂ ਨਾਲ ਸਾੜਿਆ ਜਾਂਦਾ ਸੀ। ਭੁੱਖ ਲੱਗਣ ਉਤੇ ਬੱਚੀ ਡਸਟਬਿਨ ਵਿਚੋਂ ਖਾਣਾ ਖਾਂਦੀ ਸੀ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਘਰ ਵਿੱਚ ਲੜਕੀ ਨੂੰ ਕੈਦ ਕੀਤਾ ਗਿਆ ਸੀ, ਉਸ ਦੀ ਮਾਲਕਣ ਪਾਵਰਕਾਮ ਤੋਂ ਸੇਵਾਮੁਕਤ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਗੁਰਦੇਵ ਨਗਰ ਸਥਿਤ ਘਰੋਂ ਛੁਡਵਾਇਆ।
ਕੌਂਸਲਿੰਗ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਨੂੰ ਪੂਰੇ ਦਿਨ ਵਿਚ ਸਿਰਫ 2 ਰੋਟੀਆਂ ਹੀ ਖਾਣ ਲਈ ਮਿਲਦੀਆਂ ਸਨ। ਜਦੋਂ ਉਸ ਨੂੰ ਬਹੁਤ ਭੁੱਖ ਲੱਗਦੀ ਤਾਂ ਉਹ ਡਸਟਬਿਨ ਵਿੱਚੋਂ ਖਾਣਾ ਚੁੱਕ ਕੇ ਖਾ ਲੈਂਦੀ। ਜੇ ਉਹ ਕਦੇ ਭੁੱਖ ਲੱਗਣ ਉਤੇ ਦੁੱਧ ਪੀਂਦੀ ਤਾਂ ਉਸ ਦੇ ਚਿਹਰੇ ਨੂੰ ਗਰਮ ਚਾਕੂ ਨਾਲ ਦਾਗਿਆ ਜਾਂਦਾ।


ਜਾਣਕਾਰੀ ਅਨੁਸਾਰ ਪਾਵਰਕਾਮ ਦੀ ਸੇਵਾਮੁਕਤ ਸੁਪਰਡੈਂਟ ਹਰਮੀਤ ਕੌਰ ਆਪਣੇ ਘਰ ਵਿਚ ਪੀਜੀ ਚਲਾਉਂਦੀ ਹੈ। ਬਲਬੀਰ ਕੌਰ ਨਾਂ ਦੀ ਮਹਿਲਾ 4 ਮਹੀਨੇ ਪਹਿਲਾਂ ਤਕ ਇਸੇ ਪੀਜੀ ਵਿੱਚ ਰਹਿੰਦੀ ਸੀ। ਐਨਜੀਓ ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਉਕਤ ਲੜਕੀ ਉਤੇ ਹੋਏ ਹਮਲੇ ਦੀ ਸੂਚਨਾ ਉਸੇ ਨੇ ਹੀ ਦਿੱਤੀ। ਬਲਬੀਰ ਕੌਰ ਅਨੁਸਾਰ ਜਦੋਂ ਉਹ ਕਈ ਵਾਰ ਪੀਜੀ ਮਾਲਕ ਨੂੰ ਬੱਚੀ ਦੀ ਕੁੱਟਮਾਰ ਨਾ ਕਰਨ ਲਈ ਆਖਦੀ ਤਾਂ ਔਰਤ ਉਸ ਨੂੰ ਘਰੇਲੂ ਮਸਲਾ ਦੱਸ ਕੇ ਚੁੱਪ ਕਰਵਾ ਦਿੰਦੀ।
ਐਨਜੀਓ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੂੜੇ ਤੋਂ ਖਾਣਾ ਖਾਣ ਦੀ ਵੀਡੀਓ ਉਨ੍ਹਾਂ ਕੋਲ ਜੂਨ ਮਹੀਨੇ ਵਿਚ ਵੀ ਇੱਕ ਵਾਰ ਆਈ ਸੀ। ਉਸ ਸਮੇਂ ਲੋਕੇਸ਼ਨ ਸਪੱਸ਼ਟ ਨਹੀਂ ਸੀ। ਇਸ ਵਾਰ ਗੁਰਦੇਵ ਨਗਰ ਵਿੱਚ ਪੀਜੀ ਵਿੱਚ ਰਹਿੰਦੀ ਬਲਬੀਰ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਇੱਕ ਲੜਕੀ ਨੂੰ ਘਰ ਵਿੱਚ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
ਲੜਕੀ ਪਿਛਲੇ 2 ਸਾਲਾਂ ਤੋਂ ਕੁੱਟਮਾਰ ਦਾ ਸ਼ਿਕਾਰ ਹੈ। ਉਸ ਦੀ ਮਾਂ ਪੂਜਾ ਦੀ ਮੌ.ਤ ਹੋ ਗਈ ਹੈ। ਉਸਦੇ ਪਿਤਾ ਉਸਨੂੰ ਦੋ ਸਾਲ ਪਹਿਲਾਂ ਗੁਰਦੇਵ ਨਗਰ ਦੇ ਪੀਜੀ ਵਿਚ ਛੱਡ ਗਏ ਸਨ। ਪਿਤਾ ਨੇ ਆਪ ਦੂਜਾ ਵਿਆਹ ਕਰਵਾ ਲਿਆ ਸੀ। ਬਲਬੀਰ ਕੌਰ ਨੇ ਨਾਬਾਲਗ ‘ਤੇ ਹੋਏ ਅੱਤਿਆਚਾਰ ਦੀ ਵੀਡੀਓ ਸਾਂਝੀ ਕੀਤੀ ਸੀ।
ਇਸ ਤੋਂ ਬਾਅਦ ਐੱਨਜੀਓ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਲੜਕੀ ਨੂੰ ਉਸ ਘਰ ‘ਚੋਂ ਛੁਡਵਾਇਆ। ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਠੰਡ ਵਿੱਚ ਉਸ ਨੂੰ ਗਰਮ ਕੱਪੜੇ ਵੀ ਨਹੀਂ ਦਿੱਤੇ ਗਏ। ਫਿਲਹਾਲ ਬੱਚੀ ਨੂੰ ਚਿਲਡਰਨ ਹੋਮ ‘ਚ ਰੱਖਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ।

error: Content is protected !!