ਪਿਆਸੇ ਰੋਂਦੇ ਬੱਚੇ ਨੂੰ ਪਾਣੀ ਨਾ ਦੇਣ ‘ਤੇ ਫਲਾਈਟ ਵਿਚ ਹੰਗਾਮਾ, ਕਰੂ ਮੈਂਬਰ ਨੇ ਕੀਤੀ ਬਦਸਲੂਕੀ, ਏਅਰਲਾਈਨਜ਼ ਖਿਲਾਫ ਹੋਈ ਕਾਰਵਾਈ

ਪਿਆਸੇ ਰੋਂਦੇ ਬੱਚੇ ਨੂੰ ਪਾਣੀ ਨਾ ਦੇਣ ‘ਤੇ ਫਲਾਈਟ ਵਿਚ ਹੰਗਾਮਾ, ਕਰੂ ਮੈਂਬਰ ਨੇ ਕੀਤੀ ਬਦਸਲੂਕੀ, ਏਅਰਲਾਈਨਜ਼ ਖਿਲਾਫ ਹੋਈ ਕਾਰਵਾਈ


ਨਵੀਂ ਦਿੱਲੀ (ਵੀਓਪੀ ਬਿਊਰੋ)- ਪਿਆਸੇ ਬੱਚਿਆਂ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਉਤੇ ਏਅਰਲਾਈਨਜ਼ ਐਮੀਰੇਟਸ ਨੂੰ ਮੋਟਾ ਜੁਰਮਾਨਾ ਲੱਗਾ ਹੈ। ਦੁਬਈ ਦੀ ਇਕ ਫਾਈਵ ਸਟਾਰ ਏਅਰਲਾਈਨਜ਼ ਐਮੀਰੇਟਸ ਦੇ ਕਰੂ ਮੈਂਬਰਾਂ ਨੇ ਰੋਂਦੇ ਹੋਏ ਬੱਚਿਆਂ ਨੂੰ ਪਾਣੀ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਇਹ ਮਾਮਲਾ ਕੰਜ਼ਿਊਮਰ ਫੋਰਮ ਤਕ ਪਹੁੰਚ ਗਿਆ। ਅਜਿਹੀ ਮਾੜੀ ਹਰਕਤ ਦੇ ਕਾਰਨ ਹੁਣ ਇਸ ਏਅਰਲਾਈਨ ਨੂੰ ਡੇਢ ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ।


ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੇ ਐਮੀਰੇਟਸ ਏਅਰਲਾਈਨਜ਼ ਰਾਹੀਂ ਦੁਬਈ ਤੋਂ ਓਮਾਨ ਦੀ ਯਾਤਰਾ ਲਈ ਇਕਾਨਮੀ ਕਲਾਸ ਦੀਆਂ 3 ਟਿਕਟਾਂ ਬੁੱਕ ਕਰਵਾਈਆਂ ਸਨ। ਫਲਾਈਟ ਵਿਚ ਉਨ੍ਹਾਂ ਦਾ 3 ਸਾਲਾ ਪੁੱਤਰ ਪਾਣੀ ਲਈ ਰੋਣ ਲੱਗਾ ਪਰ ਬਰਬਰਾ ਨਾਂ ਦੀ ਕਰੂ ਮੈਂਬਰ ਨੇ ਉਨ੍ਹਾਂ ਦੀ ਪਾਣੀ ਪੀਣ ਦੀ ਅਪੀਲ ਨੂੰ ਅਣਸੁਣਿਆ ਕਰ ਦਿੱਤਾ। ਉਹ ਗੰਦੇ ਤਰੀਕੇ ਨਾਲ ਬੋਲੀ ਕਿ ਉਨ੍ਹਾਂ ਨੂੰ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਹਰ ਮੁਸਾਫਰ ਨੂੰ ਪਾਣੀ ਦਿੰਦੀ ਰਹੇ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੀ ਉਸ ਨਾਲ ਝੜਪ ਹੋ ਗਈ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਕਰੂ ਦੇ ਸੀਨੀਅਰ ਮੈਂਬਰਾਂ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਏਅਰਲਾਈਨ ਨੇ ਅਪੀਲ ’ਤੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਡਿਸਟ੍ਰਿਕਟ ਫੋਰਮ ਦੇ ਸਾਹਮਣੇ ਉਸ ਦੀ ਦਲੀਲ ਰਹੀ ਕਿ ਮਾੜਾ ਵਿਵਹਾਰ ਉਸ ਦੇ ਕਰੂ ਮੈਂਬਰ ਨੇ ਨਹੀਂ ਸਗੋਂ ਇਸ ਯਾਤਰੀ ਨੇ ਉਸ ਦੀ ਫੀਮੇਲ ਕਰੂ ਮੈਂਬਰ ਨਾਲ ਕੀਤਾ ਸੀ।
ਇਹ ਮਾਮਲਾ ਦਿੱਲੀ ਸਟੇਟ ਕੰਜਿਊਮਰ ਡਿਸਪਿਊਟਸ ਰਿਡ੍ਰੈਸਲ ਕਮਿਸ਼ਨ ਦਾ ਹੈ। ਇਸ ਵਿਚ ਪਿਛਲੇ ਦਿਨੀਂ ਇਹ ਮਾਮਲਾ ਆਇਆ ਸੀ। ਉਸ ਵਿਚ ਮੰਨਿਆ ਗਿਆ ਕਿ ਫਲਾਈਟ ਵਿਚ ਕਰੂ ਮੈਂਬਰ ਦਾ ਇਕ ਪਿਆਸੇ ਰੋਂਦੇ ਹੋਏ ਬੱਚੇ ਨੂੰ ਪਾਣੀ ਦੇਣ ਤੋਂ ਇਨਕਾਰ ਕਰਨਾ, ਏਅਰਲਾਈਨਜ਼ ਵਲੋਂ ਆਪਣੇ ਮੁਸਾਫਰਾਂ ਨੂੰ ਦਿੱਤੀ ਜਾਣ ਵਾਲੀ ‘ਸੇਵਾ ਵਿਚ ਕਮੀ’ ਨੂੰ ਦਿਖਾਉਂਦਾ ਹੈ। ਹੇਠਲੀ ਖਪਤਕਾਰ ਅਦਾਲਤ ਨੇ ਕਰੂ ਮੈਂਬਰ ਵਲੋਂ ਮੁਸਾਫ਼ਰ ਨਾਲ ਅਜਿਹੇ ਵਰਤਾਓ ਲਈ ਏਅਰਲਾਈਨ ਨੂੰ ਸੇਵਾ ਵਿਚ ਖਾਮੀ ਦਾ ਦੋਸ਼ੀ ਪਾਇਆ ਸੀ। ਡੇਢ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ 20,000 ਰੁਪਏ ਅਤੇ ਮੁਕੱਦਮੇਬਾਜ਼ੀ ’ਤੇ ਖ਼ਰਚੇ ਲਈ 5000 ਰੁਪਏ ਦੇਣ ਦਾ ਹੁਕਮ ਦਿੱਤਾ ਸੀ।

error: Content is protected !!