ਬੱਚੇ ਨੂੰ ਗੁਰੂਘਰ ਬਿਠਾ ਕੇ ਆਪ ਪ੍ਰੇਮੀ ਨਾਲ ਹੋਈ ਫਰਾਰ, ਪਤਾ ਲੱਗਾ ਤਾਂ ਪਤੀ ਨੇ ਨਿਗਲ ਲਿਆ ਜ਼ਹਿਰ, ਮੌ.ਤ

ਬੱਚੇ ਨੂੰ ਗੁਰੂਘਰ ਬਿਠਾ ਕੇ ਆਪ ਪ੍ਰੇਮੀ ਨਾਲ ਹੋਈ ਫਰਾਰ, ਪਤਾ ਲੱਗਾ ਤਾਂ  ਪਤੀ ਨੇ ਨਿਗਲ ਲਿਆ ਜ਼ਹਿਰ, ਮੌ.ਤ

ਵੀਓਪੀ ਬਿਊਰੋ, ਵਲਟੋਹਾ : ਪਿੰਡ ਮਹਿਮੂਦਪੁਰਾ ਵਿਖੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਵਲਟੋਹਾ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪੇ੍ਰਮੀ ਵਿਰੁੱਧ ਖ਼ੁਦਕੁਸ਼ੀ ਕੇਸ ਦਰਜ ਕਰ ਲਿਆ ਹੈ।ਸਲਵਿੰਦਰ ਸਿੰਘ ਵਾਸੀ ਮਹਿਮੂਦਪੁਰਾ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਰਾਜਪਾਲ ਸਿੰਘ (30) ਦਾ ਵਿਆਹ ਪਿੰਡ ਖਾਹਰਾ ਦੀ ਵਸਨੀਕ ਅਮਨਦੀਪ ਕੌਰ ਨਾਲ ਹੋਇਆ ਸੀ ਜਿਨ੍ਹਾਂ ਦੇ ਘਰ ਦੋ ਬੱਚੇ ਇਕ ਲੜਕੀ ਤੇ ਇਕ ਲੜਕਾ ਹਨ। ਉਸ ਦੀ ਭਰਜਾਈ ਨੇ ਪਿੰਡ ਵਿਚ ਬੂਟੀਕ ਦੀ ਦੁਕਾਨ ਖੋਲ੍ਹੀ ਸੀ ਜਿਸ ਦੌਰਾਨ ਉਸ ਦੀ ਭਰਜਾਈ ਦੇ ਪਿੰਡ ਵਾੜਾ ਸ਼ੇਰ ਸਿੰਘ ਦੇ ਵਸਨੀਕ ਗੁਰਸੇਵਕ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ।

ਜਦੋਂ ਉਸ ਦੇ ਭਰਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਪਤੀ-ਪਤਨੀ ਵਿਚ ਕਲੇਸ਼ ਰਹਿਣ ਲੱਗ ਪਿਆ ਜਿਸ ਤੋਂ ਬਾਅਦ ਉਸ ਦੀ ਭਰਜਾਈ ਘਰ ਵਿਚ ਹੀ ਕੱਪੜੇ ਸਿਲਾਈ ਕਰਨ ਲੱਗ ਪਈ। ਇਸ ਤੋਂ 3 ਮਹੀਨੇ ਬਾਅਦ ਉਸ ਦੀ ਭਰਜਾਈ ਨੇ ਅਮਰਕੋਟ ਵਿਚ ਦੁਕਾਨ ਖੋਲ੍ਹ ਲਈ ਅਤੇ ਉਥੇ ਜਾਣ ਲੱਗ ਪਈ ਜਦੋਂਕਿ ਗੁਰਸੇਵਕ ਸਿੰਘ ਨਾਲ ਨਾਜਾਇਜ਼ ਸਬੰਧ ਨਹੀਂ ਛੱਡੇ। 10 ਫਰਵਰੀ ਨੂੰ ਉਸ ਦੀ ਭਰਜਾਈ ਅਮਨਦੀਪ ਕੌਰ ਆਪਣੇ ਲੜਕੇ ਗੁਰਮਿਲਾਪ ਸਿੰਘ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਈ ਜਿੱਥੇ ਬੱਚੇ ਨੂੰ ਬਿਠਾ ਕੇ ਗੁਰਸੇਵਕ ਸਿੰਘ ਨਾਲ ਕਿਧਰੇ ਚਲੀ ਗਈ। ਜ਼ਿਆਦਾ ਸਮਾਂ ਬੀਤ ਜਾਣ ’ਤੇ ਬੱਚਾ ਗੁਰਮਿਲਾਪ ਰੋਣ ਲੱਗ ਪਿਆ ਅਤੇ ਸੇਵਾਦਾਰਾਂ ਨੇ ਬੱਚੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਹ ਵੀਡੀਓ ਜਦੋਂ ਉਸ ਦੇ ਭਰਾ ਰਾਜਪਾਲ ਸਿੰਘ ਤੱਕ ਪਹੁੰਚੀ ਤਾਂ ਉਸ ਨੇ ਫੋਨ ਕਰਕੇ ਆਪਣੀ ਪਤਨੀ ਨੂੰ ਪੁੱਛਿਆ ਪਰ ਅਮਨਦੀਪ ਕੌਰ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਹੁਣ ਵਾਪਸ ਪਿੰਡ ਨਹੀਂ ਆਵੇਗੀ। ਇਸ ਗੱਲ ਤੋਂ ਦੁਖੀ ਹੋ ਕੇ ਉਸ ਦੇ ਭਰਾ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਸਬੰਧੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਗੁਰਸੇਵਕ ਸਿੰਘ ਵਾਸੀ ਵਾੜਾ ਸ਼ੇਰ ਸਿੰਘ ਅਤੇ ਅਮਨਦੀਪ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਗੁਰਸੇਵਕ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!