ਪਤੰਗ ਲੁੱਟਣ ਗਏ ਮਾਸੂਮ ਨੂੰ ਨੋਚ-ਨੋਚ ਖਾ ਗਏ ਕੁੱਤੇ, ਹਸਪਤਾਲ ਵਿਚ ਤੋੜਿਆ ਦਮ

ਪਤੰਗ ਲੁੱਟਣ ਗਏ ਮਾਸੂਮ ਨੂੰ ਨੋਚ-ਨੋਚ ਖਾ ਗਏ ਕੁੱਤੇ, ਹਸਪਤਾਲ ਵਿਚ ਤੋੜਿਆ ਦਮ

ਵੀਓਪੀ ਬਿਊਰੋ, ਪਟਿਆਲਾ-ਪਟਿਆਲਾ ਦੇ ਨੇੜਲੇ ਪਿੰਡ ਬਰਸਟ ਵਿਖੇ ਪਤੰਗ ਲੁੱਟਦੇ ਇਕ ਮਾਸੂਮ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾ ਲਿਆ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਸ ਨੇ ਦਮ ਤੋੜ ਦਿਤਾ। ਮ੍ਰਿਤਕ ਬੱਚੇ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਪਿੰਡ ਬਰਸਟ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਤਰਨਪ੍ਰੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਪਿਤਾ ਸੰਦੀਪ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ।
ਜਾਣਕਾਰੀ ਅਨੁਸਾਰ, ਬੁੱਧਵਾਰ ਸ਼ਾਮ 4 ਕੁ ਵਜੇ ਦੇ ਕਰੀਬ ਤਰਨਪ੍ਰੀਤ ਸਿੰਘ ਅਤੇ ਇੱਕ ਹੋਰ ਛੋਟਾ ਬੱਚਾ ਪਿੰਡ ਦੇ ਨਾਲ ਲੱਗਦੇ ਖੇਤਾਂ ਵਿਚ ਟੁੱਟਿਆ ਪਤੰਗ ਚੁੱਕਣ ਗਏ ਸਨ ਜਿਨ੍ਹਾਂ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ।


ਇਨ੍ਹਾਂ ਵਿਚੋਂ ਇੱਕ ਬੱਚਾ ਤਾਂ ਬਚ ਕੇ ਭੱਜ ਗਿਆ ਪਰ ਤਰਨਪ੍ਰੀਤ ਸਿੰਘ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਨੋਚ ਲਿਆ ਗਿਆ। ਇਸ ਘਟਨਾ ਨੂੰ ਦੇਖ ਕੇ ਨਾਲ ਦੇ ਖੇਤ ‘ਚ ਜਾ ਰਹੇ ਇੱਕ ਵਿਅਕਤੀ ਵੱਲੋਂ ਬੜੀ ਮੁਸ਼ੱਕਤ ਨਾਲ ਕੁੱਤਿਆਂ ਦੇ ਝੁੰਡ ਨੂੰ ਭਜਾਇਆ ਗਿਆ ਤੇ ਬੱਚੇ ਨੂੰ ਚੁੱਕ ਕੇ ਘਰ ਲਿਆਂਦਾ ਗਿਆ।
ਬੱਚੇ ਦੇ ਪਰਿਵਾਰ ਵੱਲੋਂ ਸਰਕਾਰੀ ਰਾਜਿੰਦਰਾਂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪਰਿਵਾਰ ਵਾਲੇ ਬਿਨਾਂ ਕੋਈ ਕਾਰਵਾਈ ਕਰਵਾਏ ਬੱਚੇ ਦੀ ਲਾਸ਼ ਨੂੰ ਵਾਪਸ ਘਰ ਲੈ ਗਏ।

error: Content is protected !!