200 ਕਿੱਲੋ ਹੈਰੋਇਨ ਦੇ ਮਾਮਲੇ ‘ਚ ਕਾਬੂ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ, ਢਾਬੇ ‘ਤੇ ਪਖਾਨੇ ਗਿਆ ਹੀ ਨਹੀਂ ਮੁੜਿਆ

200 ਕਿੱਲੋ ਹੈਰੋਇਨ ਦੇ ਮਾਮਲੇ ‘ਚ ਕਾਬੂ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ, ਢਾਬੇ ‘ਤੇ ਪਖਾਨੇ ਗਿਆ ਹੀ ਨਹੀਂ ਮੁੜਿਆ

ਵੀਓਪੀ ਬਿਊਰੋ – ਸਾਲ 2019 ਵਿੱਚ ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ 200 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਗੁਜਰਾਤ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜੋਬਨਜੀਤ ਸਿੰਘ ਸ਼ੁੱਕਰਵਾਰ ਨੂੰ ਗੁਜਰਾਤ ਪੁਲਿਸ ਨੂੰ ਚਕਮਾ ਦੇ ਕੇ ਜੰਡਿਆਲਾ ਗੁਰੂ ਨੇੜੇ ਇੱਕ ਢਾਬੇ ਤੋਂ ਫਰਾਰ ਹੋ ਗਿਆ ਸੀ। ਉਹ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਦਾ ਵਸਨੀਕ ਹੈ।

ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਦੀ ਫੋਟੋ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਪੁਲਿਸ ਦੇ ਨਾਕਿਆਂ ’ਤੇ ਪੁਲਿਸ ਨੂੰ ਹਾਈ ਅਲਰਟ ’ਤੇ ਰੱਖ ਦਿੱਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਤਜਿੰਦਰ ਸਿੰਘ ਨੇ ਮੁਲਜ਼ਮ ਦੇ ਫ਼ਰਾਰ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਗੁਜਰਾਤ ਪੁਲਿਸ ਦੇ ਐਸਆਈ ਆਰਸੀ ਸੋਲੰਕੀ, ਹੈੱਡ ਕਾਂਸਟੇਬਲ ਰਵਿੰਦਰ ਕੁਮਾਰ, ਨਰੇਨ ਭਾਈ ਅਤੇ ਕਾਂਸਟੇਬਲ ਸੁਰੇਸ਼ ਭਾਈ ਮੁਲਜ਼ਮ ਜੋਬਨਜੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਏ ਸਨ। ਜਦੋਂ ਪੁਲਿਸ ਟੀਮ ਕਸਬਾ ਬੁੰਡਾਲਾ ਜੰਡਿਆਲਾ ਗੁਰੂ ਨੇੜੇ ਇੱਕ ਢਾਬੇ ‘ਤੇ ਖਾਣਾ ਖਾਣ ਲਈ ਰੁਕੀ ਤਾਂ ਦੋਸ਼ੀ ਜੋਬਨ ਖਾਣਾ ਖਾਣ ਤੋਂ ਬਾਅਦ ਹੱਥ ਧੋਣ ਲਈ ਟਾਇਲਟ ਵਿੱਚ ਚਲਾ ਗਿਆ। ਉਥੋਂ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਮੁਲਜ਼ਮ ਜੋਬਨਜੀਤ ਦੇ ਫ਼ਰਾਰ ਹੋਣ ਤੋਂ ਬਾਅਦ ਗੁਜਰਾਤ ਪੁਲਿਸ ਨੇ ਪਹਿਲਾਂ ਆਪਣੇ ਪੱਧਰ ’ਤੇ ਮੁਲਜ਼ਮ ਦੀ ਭਾਲ ਕੀਤੀ ਪਰ ਜਦੋਂ ਮੁਲਜ਼ਮ ਦਾ ਕੋਈ ਸੁਰਾਗ ਨਾ ਲੱਗਾ ਤਾਂ ਗੁਜਰਾਤ ਪੁਲਿਸ ਨੇ ਜੰਡਿਆਲਾ ਗੁਰੂ ਥਾਣੇ ਅਧੀਨ ਪੈਂਦੀ ਪੁਲਿਸ ਚੌਕੀ ਬੁੰਡਾਲਾ ਨੂੰ ਮਾਮਲੇ ਦੀ ਸੂਚਨਾ ਦਿੱਤੀ। ਬੁੰਡਾਲਾ ਪੁਲਿਸ ਚੌਕੀ ਦੇ ਅਧਿਕਾਰੀਆਂ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਭਾਲ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਜਦੋਂ ਬੁੰਡਾਲਾ ਚੌਕੀ ਦੇ ਅਧਿਕਾਰੀ ਤਜਿੰਦਰ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੁਲਜ਼ਮ ਜੋਬਨਜੀਤ ਸਿੰਘ ਦੇ ਫਰਾਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!