ਸ਼ੰਭੂ ਬਾਰਡਰ ਉਤੇ ਹਲਚਲ ਤੇਜ਼, ਹਾਲਾਤ ਤਣਾਅ ਵਾਲੇ, ਪੁਲਿਸ ਵੱਲੋਂ ਛੱਡੇ ਜਾ ਰਹੇ ਹੰਝੂ ਗੈਸ ਦੇ ਗੋਲੇ, ਕਿਸਾਨਾਂ ਨੇ ਵੀ ਕੀਤੀ ਪੂਰੀ ਤਿਆਰੀ, ਡਰੋਨਾਂ ਦੇ ‘ਇਲਾਜ’ ਲਈ ਪਤੰਗਾਂ ਉਡਾਈਆਂ, ਵੇਖੋ ਤਸਵੀਰਾਂ
ਵੀਓਪੀ ਬਿਊਰੋ, ਨੈਸ਼ਨਲ-ਪੰਜਾਬ ਦੇ ਕਿਸਾਨਾਂ ਦਾ ‘ਦਿੱਲੀ ਚੱਲੋ’ ਮਾਰਚ ਸ਼ੰਭੂ ਬਾਰਡਰ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਕਿਸਾਨ ਖਨੌਰੀ ਹੱਦ ਤੋਂ ਵੀ ਹਰਿਆਣਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਇਸ ਦੌਰਾਨ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਦੀਆਂ ਵੀ ਖ਼ਬਰਾਂ ਹਨ।

ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹਲਚਲ ਤੇਜ਼ ਹੋ ਗਈ ਹੈ। ਹਾਲਾਤ ਕਾਫੀ ਤਣਾਅ ਵਾਲੇ ਬਣੇ ਹੋਏ ਹਨ। ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਕੁਝ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਭੜਕ ਗਏ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

ਉਧਰ ਕਿਸਾਨ ਵੀ ਪੂਰੀ ਤਿਆਰੀ ਨਾਲ ਅੱਗੇ ਵਧੇ ਹਨ।ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਨੂੰ ਮਾਸਕ, ਦਸਤਾਨੇ ਅਤੇ ਸੁਰੱਖਿਆ ਸੂਟ ਵੰਡੇ ਗਏ। ਖਨੌਰੀ ਬਾਰਡਰ ਉਤੇ ਵੀ ਡਰੋਨ ਹਵਾ ਵਿਚ ਘੁੰਮ ਰਹੇ ਹਨ। ਜਿਨ੍ਹਾਂ ਨੂੰ ਡਿਗਾਉਣ ਲਈ ਕਿਸਾਨਾਂ ਨੇ ਵੀ ਪਤੰਗ ਉਡਾ ਦਿੱਤੇ ਹਨ।
ਉਧਰ, ਹਰਿਆਣਾ ਦੇ ਨਾਲ ਹੀ ਦਿੱਲੀ ਵਿੱਚ ਵੀ ਸਖਤੀ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਕੂਚ ਨੂੰ ਵੇਖਦਿਆਂ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਖਬਰ ਜਾਰੀ ਹੈ…

ਦਿੱਲੀ ਅੰਦਰ ਭੀੜ ਇਕੱਠੀ ਕਰਨ ਤੇ ਟਰੈਕਟਰਾਂ ਦੇ ਦਾਖਲੇ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਸਿੰਘੂ-ਟਿਕਰੀ ਸਰਹੱਦ ਤੇ ਉੱਤਰ ਪ੍ਰਦੇਸ਼ ਨਾਲ ਲੱਗਦੀ ਗਾਜ਼ੀਪੁਰ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਹੈ।
ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਆਪਣੀ ਭੀੜ ਨੂੰ ਕਾਬੂ ਕਰਨ ਅਤੇ ਘੱਗਰ ਨਦੀ ਦੇ ਪੁਲ ‘ਤੇ ਹਰਿਆਣਾ ਪੁਲਿਸ ਦੇ ਬੈਰੀਕੇਡਾਂ ਦੇ ਨੇੜੇ ਨਾ ਆਉਣ ਦੀ ਸਲਾਹ ਦਿੱਤੀ।