ਇੰਸਟਾਗ੍ਰਾਮ ਨੇ ਕਰਵਾਇਆ ਪਤੀ ਪਤਨੀ ਦਾ ਝਗੜਾ, ਪਤਨੀ ਬੋਲੀ- ਰਿਸ਼ਤੇਦਾਰਾਂ ਨੂੰ ਭੇਜਦਾ ਹੈ ਅਸ਼ਲੀਲ ਮੈਸੇਜ

ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ‘ਚ ਬੀਤੀ ਰਾਤ ਨੂੰ ਹੰਗਾਮਾ ਹੋ ਗਿਆ। ਇੱਕ ਘਰ ਵਿੱਚ ਪਤੀ-ਪਤਨੀ ਦਾ ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਆਪਸ ਵਿੱਚ ਲੜਨ ਲੱਗ ਪਏ। ਲੜਾਈ ਵਿੱਚ ਪਤਨੀ ਅਤੇ ਡੇਢ ਸਾਲ ਦੀ ਬੱਚੀ ਜ਼ਖ਼ਮੀ ਹੋ ਗਏ। ਝਗੜੇ ਦੌਰਾਨ ਪਤੀ ਅਤੇ ਸੱਸ ਨੂੰ ਵੀ ਸੱਟਾਂ ਲੱਗੀਆਂ ਹਨ।ਝਗੜੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਾਮਲੇ ਸਬੰਧੀ ਥਾਣਾ ਮਾਡਲ ਟਾਊਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ‘ਚ ਖੁਲਾਸਾ ਹੋਇਆ ਹੈ ਕਿ ਇਹ ਲੜਾਈ ਕਰੀਬ 2 ਸਾਲ ਪਹਿਲਾਂ ਇੰਸਟਾਗ੍ਰਾਮ ਕਾਰਨ ਸ਼ੁਰੂ ਹੋਈ ਸੀ। ਹੁਣ ਪੁਲਿਸ ਜਾਂਚ ਕਰ ਰਹੀ ਹੈ।

ਔਰਤ ਹਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਕਰੀਬ 3 ਸਾਲ ਪਹਿਲਾਂ ਮਾਡਲ ਟਾਊਨ ਵਾਸੀ ਸੂਰਜ ਗਰੇਵਾਲ ਨਾਲ ਵਿਆਹ ਹੋਇਆ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਸਦਾ ਪਤੀ ਉਸਨੂੰ ਉਸਦੇ ਪੇਕੇ ਘਰ ਛੱਡ ਗਿਆ। ਉਸ ਸਮੇਂ ਹਰਵਿੰਦਰ 3 ਮਹੀਨੇ ਦੀ ਗਰਭਵਤੀ ਸੀ।ਉਸ ਨੇ ਪਹਿਲਾਂ ਹੀ ਆਪਣੇ ਪਤੀ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਔਰਤ ਦੀ ਸ਼ਿਕਾਇਤ ਹੈ ਕਿ ਉਸ ਦਾ ਪਤੀ ਅਕਸਰ ਉਸ ਦੇ ਇੰਸਟਾਗ੍ਰਾਮ ਅਕਾਊਂਟ ਦੀ ਵਰਤੋਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਅਸ਼ਲੀਲ ਗੱਲਾਂ ਕਰਨ ਲਈ ਕਰਦਾ ਸੀ। ਇਹ ਪਤਾ ਲੱਗਦਿਆਂ ਹੀ ਦੋਵੇਂ ਵੱਖ-ਵੱਖ ਰਹਿ ਰਹੇ ਹਨ।

ਹਰਵਿੰਦਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੇ ਪਤੀ ਨਾਲ ਗੱਲ ਕਰਨ ਲਈ ਆਪਣੇ ਸਹੁਰੇ ਘਰ ਗਈ ਸੀ। ਉਸ ਦੇ ਨਾਲ ਉਸ ਦੀ ਡੇਢ ਸਾਲ ਦੀ ਬੇਟੀ ਅਤੇ ਗੁਆਂਢੀ ਦੀ ਕਰੀਬ 15 ਸਾਲ ਦੀ ਲੜਕੀ ਵੀ ਸੀ। ਉੱਥੇ ਉਸਦੇ ਪਤੀ ਅਤੇ ਸੱਸ ਨੇ ਉਸ ਨਾਲ ਕੁੱਟਮਾਰ ਕੀਤੀ।ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸਦੇ ਪਤੀ ਨੇ ਉਸ ਨੂੰ ਡੰਡਿਆ ਨਾਲ ਕੁੱਟਿਆ ਹੈ। ਜਿਸ ਕਾਰਨ ਉਸ ਨੂੰ ਕਾਫ਼ੀ ਸੱਟਾਂ ਵੀ ਲੱਗੀਆਂ ਹਨ।

ਦੂਜੇ ਪਾਸੇ ਜ਼ਖਮੀ ਹਰਵਿੰਦਰ ਦੇ ਪਤੀ ਸੂਰਜ ਨੇ ਦੱਸਿਆ ਕਿ ਉਸ ਦੀ ਪਤਨੀ ਵਿਆਹ ਤੋਂ ਲੈ ਕੇ ਅਕਸਰ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਹੈ। ਬੀਤੀ ਸ਼ਾਮ ਨੂੰ ਉਸ ਨੇ ਪਹਿਲਾਂ ਮੈਨੂੰ ਫੋਨ ਕੀਤਾ ਅਤੇ ਮੰਦੇ ਸ਼ਬਦ ਬੋਲੇ। ਇਸ ਤੋਂ ਬਾਅਦ ਉਹ ਇੱਕ ਲੜਕੇ ਨਾਲ ਉਸ ਦੇ ਘਰ ਆ ਗਈ। ਇਹ ਲੜਕਾ ਵਿਆਹ ਤੋਂ ਪਹਿਲਾਂ ਵੀ ਉਸ ਦੇ ਨਾਲ ਸੀ।ਸੂਰਜ ਦਾ ਕਹਿਣਾ ਹੈ ਕਿ ਹਰਵਿੰਦਰ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੀ ਅਤੇ ਉਸ ਦੀ ਮਾਂ ਦਲਵਿੰਦਰ ਕੌਰ ਦੀ ਕੁੱਟਮਾਰ ਕੀਤੀ। ਉਸ ਕੋਲ ਘਟਨਾ ਦੀ ਸੀਸੀਟੀਵੀ ਫੁਟੇਜ ਹੈ, ਜਿਸ ਨੂੰ ਉਹ ਪੁਲਿਸ ਨੂੰ ਦੇਣਗੇ। ਆਪਣੀ ਪਤਨੀ ਦੀ ਇੰਸਟਾਗ੍ਰਾਮ ਰਾਹੀਂ ਦੂਜਿਆਂ ਨਾਲ ਚੈਟਿੰਗ ਕਰਨ ਬਾਰੇ ਸੂਰਜ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਪਤਨੀ ਕੋਲ ਇਸ ਗੱਲ ਦਾ ਕੋਈ ਸਬੂਤ ਹੈ ਤਾਂ ਦਿਖਾਵੇ। ਫਿਲਹਾਲ ਪੁਲਸ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!