ਕੀ ਫਿਰ ਤੋਂ ਦਲ-ਬਦਲੂ ਨੇਤਾਵਾਂ ਨੂੰ ਨਕਾਰ ਸਕਦੇ ਨੇ ਜਲੰਧਰ ਵੈਸਟ ਦੇ ਵੋਟਰ?

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਲੋਕ ਸਭਾ ਹਲਕਾ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਜੀ ਤਾਂ ਮਾਰ ਲਈ ਸੀ| ਪਰ ਇਸ ਦੇ ਨਾਲ ਇੱਕ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਦੇ ਲੋਕਾਂ ਨੇ ਦਲ ਬਦਲੂ ਨੇਤਾਵਾਂ ਨੂੰ ਨਕਾਰ ਦਿੱਤਾ ਸੀ| ਹੁਣ ਜਲੰਧਰ ਵੈਸਟ ‘ਚ ਫਿਰ ਤੋਂ ਉਪ ਚੌਣ ਹੋਣੀ ਹੈ ਅਤੇ ਕੀ ਫਿਰ ਤੋਂ ਜਲੰਧਰ ਵੈਸਟ ਦੇ ਵੋਟਰ ਦਲ ਬਦਲੂ ਨੇਤਾਵਾਂ ਨੂੰ ਨਕਾਰ ਦੇਣਗੇ|

ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਅਤੇ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਟਿਕਟ ਦਿੱਤੀ ਹੈ ਅਤੇ ਦੋਨੋਂ ਨੇਤਾ ਦਲ ਬਦਲ ਕੇ ਆਏ ਹਨ| ਇਹੀ ਨਹੀਂ ਸ਼ਿਰੋਮਣੀ ਅਕਾਲੀ ਦਲ ਬਾਦਲ ਵਲੋਂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦੇਣ ਦੀ ਸੰਭਵਾਨਾ ਜਿਤਾਈ ਜਾ ਰਹੀ ਹੈ ਅਤੇ ਉਹ ਵੀ ਦਲ ਬਦਲੂ ਨੇਤਾ ਹਨ| ਕਾਂਗਰਸ ਨੇ ਹਾਲੇ ਕਿਸੇ ਨੂੰ ਟਿਕਟ ਨਹੀਂ ਦਿੱਤੀ ਪਰ ਸੰਭਾਵਨਾ ਹੈ ਕਿ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ|

ਹੁਣ ਜੇ ਇਕ ਵਾਰ ਫਿਰ ਤੋਂ ਲੋਕ ਸਭਾ ਦੇ ਨਤੀਜੇ ਤੇ ਨਿਗਾਹ ਮਾਰੀਏ ਤਾਂ ਚਰਨਜੀਤ ਸਿੰਘ ਚੰਨੀ ਨੇ 1 ਲੱਖ 75 ਹਜ਼ਾਰ 993 ਵੋਟਾਂ ਨਾਲ ਜਿੱਤ ਦਰਜ ਪ੍ਰਾਪਤ ਕੀਤੀ ਸੀ| ਉਹਨਾਂ ਨੇ ਦਲ ਬਦਲ ਕੇ ਆਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ, ਸ਼ਿਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਬਣੇ ਉਮੀਦਵਾਰ ਪਵਨ ਟੀਨੂੰ ਨੂੰ ਅਤੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਣੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਬੁਰੀ ਤਰ੍ਹਾਂ ਹਰਾਇਆ ਹੈ|

ਸਿਰਫ਼ ਇਹੀ ਤਿੰਨ ਹੀ ਨਹੀਂ ਜਲੰਧਰ ਦੇ ਕਈ ਹੋਰ ਦਲ ਬਦਲੂ ਨੇਤਾ ਵੀ ਹਨ, ਜਿਹੜੇ ਆਪ ਤਾਂ ਚੌਣ ਲੜੇ ਨਹੀਂ ਪਰ ਉਹ ਆਪਣੀ ਪਾਰਟੀਆਂ ਨੂੰ ਜਿੱਤ ਵੀ ਨਹੀਂ ਦਿਲਾ ਸਕੇ| ਇਹਨਾਂ ਦੇ ਇਲਾਕਿਆਂ ਦੇ ਨਤੀਜਿਆਂ ‘ਤੇ ਝਾਤ ਮਾਰੀਏ ਤਾਂ ਜਿਆਦਾਤਰ ਨੇਤਾ ਆਪਣੇ ਉਮੀਦਵਾਰ ਨੂੰ ਵੋਟ ਵੀ ਨਹੀਂ ਪੁਆ ਸਕੇ| ਇਥੇ ਇਹ ਵੀ ਦੱਸ ਦੇਈਏ ਕਿ ਲੋਕ ਸਭਾ ਚੌਣ ਦੌਰਾਨ ਜਲੰਧਰ ਵੈਸਟ ਵਿਚ ਵੀ ਦਲ ਬਦਲੂ ਨੇਤਾ ਆਪਣੀ ਪਾਰਟੀ ਨੂੰ ਲੀਡ ਨਹੀਂ ਦਿਲਾ ਸਕੇ ਸਨ|

ਆਪਣੇ ਚੌਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਸੀ ਕਿ ਦਲ ਬਦਲੂ ਲੀਡਰਾਂ ਦਾ ਕੋਈ ਸ਼ਟੈਂਡ ਨਹੀ ਹੈ, ਜਦ ਕਿ ਪਾਰਟੀ ਦਾ ਵਰਕਰ ਕਦੇ ਨਹੀਂ ਬਦਲਦਾ| ਚੰਨੀ ਦੀ ਜਿੱਤ ਤੋਂ ਬਾਅਦ ਜਲੰਧਰ ਦੇ ਲੋਕਾਂ ਨੇ ਇਹ ਦੱਸ ਵੀ ਦਿੱਤਾ ਕਿ ਦਲ ਬਦਲੂ ਨੇਤਾਵਾਂ ਦੀ ਜਲੰਧਰ ‘ਚ ਕੋਈ ਜਗ੍ਹਾ ਨਹੀਂ|

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਦੇ ਕਈ ਛੋਟੇ-ਵੱਡੇ ਨੇਤਾਵਾਂ ਨੇ ਦਲ ਬਦਲ ਲਿਆ ਸੀ| ਉਸ ਵਕਤ ਹੀ ਜਲੰਧਰ ‘ਚ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਕਿਸ ਤਰ੍ਹਾਂ ਨੇਤਾ ਪਾਰਟੀ ਬਦਲਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ| ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ ਜਲੰਧਰ ਦੇ ਲੋਕਾਂ ਨੇ ਦਲ-ਬਦਲੂ ਨੇਤਾਵਾਂ ਨੂੰ ਨਕਾਰ ਦਿੱਤਾ ਹੈ| ਕੀ ਫਿਰ ਤੋਂ ਜਲੰਧਰ ਵੈਸਟ ਦੇ ਵੋਟਰ ਦਲ ਬਦਲੂ ਨੇਤਾਵਾਂ ਨੂੰ ਨਕਾਰ ਦੇਣਗੇ? ਇਹ ਤਾਂ ਨਤੀਜਾ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚਲੇਗਾ|

error: Content is protected !!