ਅਕਾਲੀ ਆਗੂ ਨੇ ਮਾਂ-ਧੀ ਦਾ ਕੀਤਾ ਕ*ਤਲ, ਖ਼ੁਦ ਨੂੰ ਮਾਰੀ ਗੋ*ਲੀ-ਪਾਲਤੂ ਕੁੱਤੇ ਨੂੰ ਵੀ ਮਾਰੀ ਗੋ*ਲੀ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੀ ਰਾਮ ਰਾਜ ਕਲੋਨੀ ਵਿੱਚ ਸਵੇਰੇ ਉਸ ਵੇਲੇ ਹੜਕੰਪ ਮੱਚ ਗਿਆ| ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਕੁਲਬੀਰ ਸਿੰਘ ਮਾਨ ਨੇ ਆਪਣੀ ਮਾਂ ਬਲਵੰਤ ਕੌਰ ਅਤੇ ਬੇਟੀ ਨਿਰਮਤ ਕੌਰ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕਰਕੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਨੀਵਾਰ ਦੇਰ ਸ਼ਾਮ ਬਰਨਾਲਾ ਸ਼ਹਿਰ ਦੀ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਵਿੱਚ ਅਕਾਲੀ ਨੌਜਵਾਨ ਆਗੂ ਕੁਲਬੀਰ ਸਿੰਘ ਮਾਨ ਨੇ ਆਪਣੀ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਮਾਤਾ ਬਲਵੰਤ ਕੌਰ ਜਿਸ ਦੀ ਉਮਰ 88 ਸਾਲ ਸੀ ਅਤੇ ਧੀ ਨਿਮਰਤ ਕੌਰ ਜਿਸ ਦੀ ਉਮਰ 24 ਸਾਲ ਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ| ਗੋਲੀ ਦੀ ਆਵਾਜ਼ ਸੁਣ ਕੇ ਜਿਵੇਂ ਹੀ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁੱਤੇ ਨੂੰ ਵੀ ਗੋਲੀ ਲੱਗ ਗਈ। ਕੁਝ ਮਿੰਟ ਬਾਅਦ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਇਸ ਕਤਲੇਆਮ ਦੌਰਾਨ ਮ੍ਰਿਤਕ ਦੀ ਪਤਨੀ ਦੁੱਧ ਲੈਣ ਗਈ ਹੋਈ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਘਰ ਦੇ ਅੰਦਰ ਗਏ ਅਤੇ ਅੰਦਰ ਦਾ ਨਜ਼ਾਰਾ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਐਸਐਸਪੀ ਸੰਦੀਪ ਕੁਮਾਰ ਮਲਿਕ, ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਸਿਟੀ ਵਨ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਮੇਤ ਪੁਲੀਸ ਫੋਰਸ ਮੌਕੇ ’ਤੇ ਪਹੁੰਚ ਗਈ।

ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਵਿੱਚ ਵਰਤਿਆ ਗਿਆ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ਦੀ ਲਾਬੀ ਵਿੱਚ ਇੱਕ ਹੀ ਕੈਮਰਾ ਲੱਗਿਆ ਹੋਇਆ ਹੈ, ਪੁਲੀਸ ਆਲੇ-ਦੁਆਲੇ ਦੇ ਕੈਮਰਿਆਂ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ।

ਥਾਣਾ ਸਿਟੀ ਦੀ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਬੇਟੀ ਨਿਮਰਤ ਕੌਰ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਵਾਪਿਸ ਪਰਤੀ ਸੀ।

error: Content is protected !!