ਅੱਤਵਾਦੀ ਹਮਲਿਆਂ ਤੋਂ ਬਾਅਦ ਸਰਕਾਰ ਨੇ ਮਾਤਾ ਵੈਸ਼ਨੋ ਦੇਵੀ ਨੂੰ ਜਾਣ ਵਾਲੇ ਰਸਤਿਆਂ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਲੋਕਾਂ ਵਿਚ ਡਰ ਬਣਿਆ ਹੋਇਆ ਹੈ। ਹਾਲਾਂਕਿ ਸਰਕਾਰ ਅਤੇ ਸ਼੍ਰਾਈਨ ਬੋਰਡ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਾਤਾ ਦੇ ਦਰਬਾਰ ‘ਚ ਆਉਣ ਵਾਲੇ ਸ਼ਰਧਾਲੂ ਬਿਨਾਂ ਕਿਸੇ ਭੈਅ ਦੇ ਆਉਣ | ਵੈਸ਼ਨੋ ਦੇਵੀ ਜਾਣ ਤੋਂ ਪਹਿਲਾਂ ਸ਼ਰਧਾਲੂ ਕਟੜਾ ਪਹੁੰਚਦੇ ਹਨ, ਜਿੱਥੋਂ ਮਾਤਾ ਦੇ ਦਰਬਾਰ ਦੀ 14 ਕਿਲੋਮੀਟਰ ਲੰਬੀ ਚੜ੍ਹਾਈ ਸ਼ੁਰੂ ਹੁੰਦੀ ਹੈ। ਜੂਨ ਦੇ ਪਹਿਲੇ ਹਫ਼ਤੇ ਤੱਕ ਕਟੜਾ ਅਤੇ ਦਰਬਾਰ ਵਿੱਚ ਸ਼ਰਧਾਲੂਆਂ ਦੀ ਗਿਣਤੀ ਇੰਨੀ ਵੱਧ ਗਈ ਸੀ ਕਿ ਸ਼ਰਾਈਨ ਬੋਰਡ ਨੂੰ 2 ਦਿਨਾਂ ਲਈ ਯਾਤਰਾ ਸਲਿਪ ਕਾਊਂਟਰ ਬੰਦ ਕਰਨੇ ਪਏ ਸਨ। ਹੁਣ ਸਥਿਤੀ ਇਹ ਹੈ ਕਿ ਮਾਤਾ ਦੇ ਦਰਬਾਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਿਲਕੁਲ ਅੱਧੀ ਰਹਿ ਗਈ ਹੈ।
ਹਰ ਸਾਲ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅਮਰਨਾਥ ਆਉਂਦੇ ਹਨ। ਸਰਕਾਰ ਅਮਰਨਾਥ ਯਾਤਰਾ ਅਤੇ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਘਾਟੀ ਵਿੱਚ ਸੁਰੱਖਿਆ ਬਲ ਤੁਹਾਡੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।