ਉਹ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ‘ਚ ਮਦਦ ਕਰਦੀ ਹੈ। ਪਰ ਉਸਦਾ ਸਹੁਰਾ ਪੈਸੇ ਮੰਗਦਾ ਰਹਿੰਦਾ ਹੈ। ਅੱਜ ਵੀ ਜਦੋਂ ਉਹ ਸੱਸ ਤੋਂ ਪੈਸੇ ਮੰਗ ਰਿਹਾ ਸੀ ਤਾਂ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸਹੁਰੇ ਨੇ ਉਸਦੀ ਸੱਸ ‘ਤੇ ਲੋਹੇ ਦੀ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਬਚਾਅ ਕਰਨ ਲਈ ਅੱਗੇ ਆਈ ਤਾਂ ਸਹੁਰੇ ਨੇ ਉਸਨੂੰ ਪਿੱਛੇ ਧੱਕਾ ਮਾਰਿਆ ਅਤੇ ਉਸ ‘ਤੇ ਵੀ ਹਮਲਾ ਕਰਨ ਦੀ ਧਮਕੀ ਦਿੱਤੀ। ਕੁਲਹਾੜੀ ਉਸਦੀ ਸੱਸ ਦੇ ਮੂੰਹ ’ਤੇ ਮਾਰੀ। ਜਦੋਂ ਉਸਦੇ ਸਹੁਰੇ ਨੇ ਮੁੜ ਸਿਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਆਂਢੀਆਂ ਨੇ ਉਸਦੀ ਸੱਸ ਦੀ ਜਾਨ ਬਚਾਈ। ਖੂਨ ਨਾਲ ਲੱਥਪੱਥ ਉਸਦੀ ਸੱਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਰਮਨਦੀਪ ਕੌਰ ਅਨੁਸਾਰ ਉਸਦਾ ਸਹੁਰਾ ਵਿਹਲਾ ਰਹਿਣਾ ਚਾਹੁੰਦਾ ਹੈ ਤੇ ਘਰੋਂ ਹੀ ਪੈਸੇ ਮੰਗਦਾ ਰਹਿੰਦਾ ਹੈ। ਇਸਦਾ ਉਹ ਵਿਰੋਧ ਕਰਦੇ ਹਨ। ਉਸਦਾ ਸਹੁਰਾ ਕੋਈ ਹੋਰ ਨਸ਼ਾ ਨਹੀਂ ਕਰਦਾ। ਕਦੇ-ਕਦੇ ਸ਼ਰਾਬ ਜ਼ਰੂਰ ਪੀ ਲੈਂਦਾ ਹੈ। ਅਜਿਹਾ ਨਹੀਂ ਕਿ ਉਸਦੇ ਸਹੁਰੇ ਨੇ ਨਸ਼ੇ ‘ਚ ਇਹ ਹਮਲਾ ਕੀਤਾ, ਗੁੱਸੇ ‘ਚ ਆਏ ਨੇ ਅਜਿਹਾ ਕਰ ਦਿੱਤਾ। ਜਿਸ ਨਾਲ ਉਸਦੀ ਸੱਸ ਦੀ ਜਾਨ ਵੀ ਜਾ ਸਕਦੀ ਸੀ। ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਨੇ ਐਮਐਲਆਰ ਕੱਟ ਕੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
ਘਟਨਾ ਵਿੱਚ ਨਿਰਮਲ ਕੌਰ ਦੇ ਨੱਕ ਦੀ ਹੱਡੀ ਟੁੱਟ ਗਈ। ਜਬਾੜਾ ਵੀ ਟੁੱਟ ਗਿਆ ਹੈ। ਖੰਨਾ ਹਸਪਤਾਲ ਵਿਖੇ ਈਐਨਟੀ ਡਾਕਟਰ ਨਾ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਸਿਟੀ ਥਾਣਾ 2 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਫੋਨ ਰਾਹੀਂ ਗੱਲਬਾਤ ਕਰਦੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਰੁੱਕਾ ਮਿਲਣ ਮਗਰੋਂ ਪੁਲਿਸ ਟੀਮ ਜ਼ਖ਼ਮੀ ਔਰਤ ਦੇ ਬਿਆਨ ਦਰਜ ਕਰੇਗੀ। ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।