ਕੁਝ ਸਮੇਂ ਬਾਅਦ ਜਦੋਂ ਉਸਦੀ ਪਤਨੀ ਦੇ ਦਰਦਾਂ ਜਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ’ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿਚ ਕੋਈ ਡਾਕਟਰ ਨਹੀਂ ਹੈ, ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ। ਅਭਿਸ਼ੇਕ ਨੇ ਦੱਸਿਆ ਕਿ ਉਸਨੇ ਬਡ਼ੀ ਮੁਸ਼ਕਿਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਲੈ ਕੇ ਗਿਆ ਜਿੱਥੇ ਉਸਦਾ ਡਾਕਟਰਾਂ ਨੇ ਇਲਾਜ ਕੀਤਾ ਅਤੇ 15 ਹਜ਼ਾਰ ਰੁਪਏ ਖਰਚਾ ਦੱਸਿਆ।
ਅਭਿਸ਼ੇਕ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਹੈ ਅਤੇ ਮਜ਼ਦੂਰੀ ਕਰਦਾ ਹੈ, ਉਸ ਕੋਲ 15 ਹਜ਼ਾਰ ਰੁਪਏ ਮੌਜੂਦ ਨਹੀਂ ਸਨ। ਇਲਾਜ ਦੇ 15 ਹਜ਼ਾਰ ਰੁਪਏ ਇਕੱਤਰ ਕਰਨ ਲਈ ਉਹ ਬਜ਼ਾਰਾਂ ’ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਉਸਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਪੈਸੇ ਇਕੱਠੇ ਕੀਤੇ। ਸਰਕਾਰੀ ਹਸਪਤਾਲਾਂ ਵਿਚ ਗਰੀਬਾਂ ਦਾ ਇਲਾਜ ਨਾ ਹੋਣ ਕਾਰਨ ਅੱਜ ਇਸ ਗਰੀਬ ਵਿਅਕਤੀ ਨੂੰ ਆਪਣੀ ਪਤਨੀ ਦੇ ਇਲਾਜ ਲਈ ਭੀਖ ਮੰਗਣ ਲਈ ਮਜ਼ਬੂਰ ਹੋਣਾ ਪਿਆ ਜੋ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਮੂੰਹ ’ਤੇ ਵੱਡੀ ਚਪੇਡ਼ ਤੋਂ ਘੱਟ ਨਹੀਂ। ਜੇਕਰ ਇਸ ਗਰੀਬ ਗਰਭਵਤੀ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਹੋ ਜਾਂਦਾ ਤਾਂ ਅੱਜ ਉਸ ਨੂੰ ਭੀਖ ਨਾ ਮੰਗਣੀ ਪੈਂਦੀ।’
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਪਾਇਲ ਨਾਮਕ ਗਰਭਵਤੀ ਔਰਤ ਹਸਪਤਾਲ ਵਿਚ ਇਲਾਜ ਲਈ ਦਾਖਲ ਹੋਈ ਸੀ ਅਤੇ ਰਿਕਾਰਡ ਮੁਤਾਬਿਕ ਉਸਦਾ ਬਲੱਡ ਪ੍ਰੈਸ਼ਰ ਹਾਈ ਸੀ। ਉਨ੍ਹਾਂ ਕਿਹਾ ਕਿ ਮਾਛੀਵਾਡ਼ਾ ਹਸਪਤਾਲ ਵਿਚ ਮੌਜੂਦ ਗਾਇਨੀ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ ਜਿਸ ਕਾਰਨ ਪਿਛਲੇ 5-6 ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਲਿਵਰੀ ਦਾ ਨਾਰਮਲ ਕੇਸ ਹੋਵੇ ਤਾਂ ਨਰਸਾਂ ਉਸ ਨੂੰ ਹੱਲ ਕਰ ਲੈਂਦੀਆਂ ਹਨ ਪਰ ਜੇਕਰ ਮਰੀਜ਼ ਦੀ ਹਾਲਤ ਠੀਕ ਨਾ ਹੋਵੇ ਤਾਂ ਉਸ ਨੂੰ ਲੁਧਿਆਣਾ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਐੱਸ.ਐੱਮ.ਓ. ਨੇ ਕਿਹਾ ਕਿ ਇੱਥੇ ਗਾਇਨੀ ਡਾਕਟਰ ਤਾਇਨਾਤ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।