ਬੈਂਗਲੁਰੂ ਪੁਲਿਸ ਦੀ ਟੀਮ ਨੂੰ ਦੋਸ਼ੀ ਮੁਕਤੀ ਰੰਜਨ ਰਾਏ ਦੀ ਲਾਸ਼ ਦੇ ਨਾਲ ਇੱਕ ਨੋਟ ਵੀ ਮਿਲਿਆ, ਜਿਸ ਵਿੱਚ ਉਸਨੇ ਆਪਣਾ ਜੁਰਮ ਕਬੂਲ ਕੀਤਾ ਸੀ। ਇਸ ਤੋਂ ਇਲਾਵਾ ਉਸ ਕੋਲੋਂ ਇਕ ਲੈਪਟਾਪ ਵੀ ਮਿਲਿਆ ਹੈ, ਜਿਸ ਵਿਚ ਉਸ ਦੀਆਂ ਅਤੇ ਮਹਾਲਕਸ਼ਮੀ ਦੀਆਂ ਫੋਟੋਆਂ ਹਨ। ਬੈਂਗਲੁਰੂ ਪੁਲਿਸ ਦੇ ਅਨੁਸਾਰ, ਦੋਸ਼ੀ ਮੁਕਤੀ ਰੰਜਨ ਰਾਏ 8-9 ਸਾਲ ਪਹਿਲਾਂ ਬੈਂਗਲੁਰੂ ਆਇਆ ਸੀ ਅਤੇ ਮਾਲ ਦੇ ਅੰਦਰ ਇੱਕ ਦੁਕਾਨ ਵਿੱਚ ਸੇਲਜ਼ ਮੈਨੇਜਰ ਸੀ। ਬੈਂਗਲੁਰੂ ਪੁਲਿਸ ਕਮਿਸ਼ਨਰ ਬੀ. ਦਯਾਨੰਦ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਕਤੀ ਰੰਜਨ ਰਾਏ ਨੇ ਸੁਸਾਈਡ ਨੋਟ ‘ਚ ਹੱਤਿਆ ਦੀ ਗੱਲ ਕਬੂਲ ਕੀਤੀ ਹੈ। ਸੁਸਾਈਡ ਨੋਟ ਵਿੱਚ ਲਿਖੀ ਬਾਕੀ ਜਾਣਕਾਰੀ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਛੋਟੇ ਭਰਾ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਕਿਉਂਕਿ ਕਾਤਲ ਨੇ ਆਤਮਹੱਤਿਆ ਕੀਤੀ ਹੈ, ਇਸ ਲਈ ਇਸ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਪੁਲੀਸ ਕਤਲ ਵਿੱਚ ਵਰਤੇ ਗਏ ਹਥਿਆਰ ਦੀ ਭਾਲ ਕਰ ਰਹੀ ਹੈ।ਪੁਲਸ ਮੁਤਾਬਕ ਦੋਸ਼ੀ ਮੁਕਤੀ ਰੰਜਨ ਰਾਏ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਸੀ, ‘ਮੈਂ ਮਹਾਲਕਸ਼ਮੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਹ ਮੇਰੇ ਨਾਲ ਬਿਲਕੁਲ ਵੀ ਚੰਗਾ ਵਿਵਹਾਰ ਨਹੀਂ ਕਰ ਰਹੀ ਸੀ। ਮਹਾਲਕਸ਼ਮੀ ਮੈਨੂੰ ਅਗਵਾ ਮਾਮਲੇ ‘ਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉਸ ‘ਤੇ ਬਹੁਤ ਸਾਰਾ ਪੈਸਾ ਖਰਚ ਕੀਤਾ, ਪਰ ਉਸਨੇ ਮੇਰੀ ਇੱਜ਼ਤ ਨਹੀਂ ਕੀਤੀ, ਇਸ ਲਈ ਮੈਂ ਉਸਨੂੰ ਮਾਰ ਦਿੱਤਾ।’ ਪੁਲਿਸ ਦੀ ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਹਾਲਕਸ਼ਮੀ ਮੁਕਤੀ ‘ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਜਦਕਿ ਮੁਕਤੀ ਰੰਜਨ ਵਿਆਹ ਲਈ ਤਿਆਰ ਨਹੀਂ ਸੀ। ਮੁਕਤੀ ਰੰਜਨ ਦਾ ਪਰਿਵਾਰ ਵੀ ਓਡੀਸ਼ਾ ‘ਚ ਉਸ ਲਈ ਲੜਕੀ ਦੀ ਭਾਲ ਕਰ ਰਿਹਾ ਸੀ।