ਮੋਰਚੇ ਦੇ ਸਮਰਥਨ ਵਿੱਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇੱਕ ਸਰਵੇਖਣ ਅਨੁਸਾਰ 2028 ਤੱਕ ਪੰਜਾਬ ਕੈਂਸਰ ਦੀ ਮਾਰ ਹੇਠ ਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰਾਂ ਜਬਰ ਜ਼ੁਲਮ ਨਾਲ ਲੋਕਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਲੋਕਾਂ ਦੀ ਸ਼ਕਤੀ ਅੱਗੇ ਸਰਕਾਰਾਂ ਨੂੰ ਇੱਕ ਦਿਨ ਝੁੱਕਣਾ ਹੀ ਪੈਂਦਾ ਹੈ।
ਉਹਨਾਂ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਮੋਰਚੇ ਦੇ ਸਮਰਥਨ ਵਿੱਚ ਆਏ ਲੋਕਾਂ ਨੂੰ ਹਿਰਾਸਤ ਵੀ ਲਿਆ ਜਾ ਰਿਹਾ ਹੈ ਪਰ ਮੋਰਚਾ ਸਫਲ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਜਹਿਰੀਲੇ ਪਾਣੀ ਤੋਂ ਛੁਟਕਾਰਾ ਦਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਪਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਇਸ ਲਈ ਸਮਾਜ ਸੇਵੀਆਂ ਤੇ ਲੋਕਾਂ ਨੂੰ ਅੱਗੇ ਆਉਣਾ ਪਿਆ ਹੈ। ਕਾਲੇ ਪਾਣੀ ਦੇ ਮੋਰਚੇ ਦੇ ਆਗੂ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਲੁਧਿਆਣਾ ਨੇੜਿਓਂ ਕਿਸੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ।
ਲੱਖਾ ਸਿਧਾਣਾ ਜਦੋਂ ਮੋਰਚਾ ਵਿੱਚ ਸ਼ਾਮਿਲ ਹੋਣ ਲਈ ਲੁਧਿਆਣੇ ਵੱਲ ਨੂੰ ਆ ਰਹੇ ਸਨ ਤਾਂ ਪੁਲਿਸ ਦੀਆਂ ਗੱਡੀਆਂ ਨੇ ਉਨ੍ਹਾਂ ਨੂੰ ਲੁਧਿਆਣਾ ਨੇੜੇ ਕਿਸੇ ਪਿੰਡ ਵਿਚ ਘੇਰਾ ਪਾ ਲਿਆ। ਉਸ ਸਮੇਂ ਲੱਖਾ ਸਿਧਾਣਾ ਫੇਸਬੁੱਕ ‘ਤੇ ਲਾਈਵ ਸਨ ਤੇ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਲੱਖਾ ਸਿਧਾਣਾ ਦੀ ਗੱਡੀ ਦੀ ਭੰਨਤੋੜ ਕੀਤੀ।
ਕਾਫੀ ਖਿੱਚ-ਧੂਹ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਕਾਲੇ ਪਾਣੀ ਦੇ ਮੋਰਚੇ ਦੇ ਸਮਰਥਨ ਵਿੱਚ ਵੇਰਕਾ ਮਿਲਕ ਪਲਾਂਟ ਵਿਖੇ ਆਏ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਜੇਵਾਲ ਨੂੰ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਪੁਲਿਸ ਲਾਈਨ ਵਿਖੇ ਭੇਜ ਦਿੱਤਾ ਗਿਆ ਹੈ।