ਹਾਦਸੇ ਇੰਨਾ ਭਿਆਨਕ ਸੀ ਕਿ ਕਾਰ ਦੇ ਵੀ ਪਰਖੱਚੇ ਉੱਡ ਗਏ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਅਮਨਜੋਤ 12 ਦਸੰਬਰ ਨੂੰ ਕੈਨੇਡਾ ਤੋਂ ਵਾਪਸ ਆਇਆ ਸੀ।
ਦੱਸ ਦੇਈਏ ਕਿ ਨੌਜਵਾਨ ਅਮਨਜੋਤ ਸਿੰਘ, ਸਤਿਗੁਰ ਸਿੰਘ ਅਤੇ ਹਸਨਪੁਰ ਦੇ ਜਗਸੀਰ ਸਿੰਘ ਜੱਗੀ ਅਤੇ ਗੁਰਸੇਵਕ ਸਿੰਘ ਕਾਰ ‘ਚ ਪਿੰਡ ਕਾਂਝਲੇ ਤੋਂ ਵਾਇਆ ਲੱਡਾ ਹੋ ਕੇ ਸੰਗਰੂਰ ਵੱਲ ਜਾ ਰਹੇ ਸਨ। ਜਿਉਂ ਹੀ ਉਹ ਲੱਡਾ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਸੰਗਰੂਰ ਵੱਲੋਂ ਆ ਰਹੇ ਇੱਕ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ।
ਹਾਦਸੇ ਵਿਚ ਸਤਿਗੁਰ ਸਿੰਘ ਅਤੇ ਜਗਸੀਰ ਸਿੰਘ ਜੱਗੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਨਜੋਤ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਅਮਨਜੋਤ ਸਿੰਘ ਕਾਂਝਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮਰ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਵੀ ਮੌਤ ਹੋ ਗਈ।
ਗੁਰਸੇਵਕ ਸਿੰਘ ਵਾਸੀ ਹਸਨਪੁਰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਸਦਰ ਧੂਰੀ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਲੈਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।