ਪਾਕਿਸਤਾਨ ਤੇ ਅਫਗਾਨਿਸਤਾਨ ‘ਚ ਛਿੜੀ ਜੰ+ਗ, ਤਾਲਿਬਾਨ ਨੇ ਪਾਕਿ ‘ਤੇ ਹਮਲਾ ਕਰ ਕੇ 19 ਫੌਜੀਆਂ ਨੂੰ ਮਾਰਿਆ
Afghanistan, Pakistan, war
ਕਾਬੁਲ (ਵੀਓਪੀ ਬਿਊਰੋ)
ਪਾਕਿਸਤਾਨੀ ਫੌਜੀ ਜਹਾਜ਼ਾਂ ਵਲੋਂ ਅਫਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ‘ਤੇ ਬੰਬਾਰੀ ਕਰਨ ਤੋਂ ਬਾਅਦ ਕਾਬੁਲ ਨੇ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਦੇਸ਼ਾਂ ਦੀ ਸਰਹੱਦ ‘ਤੇ ਅਫਗਾਨ ਅਤੇ ਪਾਕਿਸਤਾਨੀ ਫੌਜੀਆਂ ਵਿਚਾਲੇ ਭਿਆਨਕ ਸੰਘਰਸ਼ ਹੋਇਆ, ਜਿਸ ‘ਚ 19 ਪਾਕਿਸਤਾਨੀ ਫੌਜੀ ਅਤੇ ਤਿੰਨ ਅਫਗਾਨ ਨਾਗਰਿਕ ਮਾਰੇ ਗਏ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖੋਸਤ ਅਤੇ ਪਕਤਿਕਾ ਸੂਬਿਆਂ ‘ਚ ਭਿਆਨਕ ਲੜਾਈ ਚੱਲ ਰਹੀ ਹੈ।

ਅਫਗਾਨ ਬਲਾਂ ਨੇ ਖੋਸਤ ਸੂਬੇ ਦੇ ਅਲੀ ਸ਼ਿਰ ਜ਼ਿਲੇ ‘ਚ ਕਈ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਅੱਗ ਲਗਾ ਦਿੱਤੀ ਅਤੇ ਪਕਤਿਕਾ ਸੂਬੇ ਦੇ ਡੰਡ-ਏ-ਪਾਟਨ ਜ਼ਿਲੇ ‘ਚ ਦੋ ਪਾਕਿਸਤਾਨੀ ਚੌਕੀਆਂ ‘ਤੇ ਕਬਜ਼ਾ ਕਰ ਲਿਆ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਮਾਰੂ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਉਸਦੇ ਫੌਜੀ ਬਲਾਂ ਨੇ ਪਾਕਿਸਤਾਨ ਦੇ ਅੰਦਰ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਪਿਛਲੇ ਮੰਗਲਵਾਰ ਨੂੰ ਪਕਤਿਕਾ ਸੂਬੇ ਦੇ ਸੱਤ ਪਿੰਡਾਂ ‘ਤੇ ਹਵਾਈ ਹਮਲੇ ਕੀਤੇ ਸਨ।

ਉਸ ਨੇ ਕਥਿਤ ਤੌਰ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰਨ ਅਤੇ ਬਾਗੀਆਂ ਨੂੰ ਮਾਰਨ ਲਈ ਇਹ ਕਾਰਵਾਈ ਸ਼ੁਰੂ ਕੀਤੀ ਸੀ। ਇਸ ਹਮਲੇ ਵਿਚ ਘੱਟ ਤੋਂ ਘੱਟ 46 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਅਫਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਹਮਲੇ ਨੂੰ ਵਹਿਸ਼ੀ ਕਾਰਾ ਦੱਸਦਿਆਂ ਕਿਹਾ ਸੀ ਕਿ ਉਹ ਬਦਲਾ ਲਵੇਗਾ। ਅਫਗਾਨਿਸਤਾਨ ਨੇ ਪਾਕਿਸਤਾਨ ਖਿਲਾਫ ਜਵਾਬੀ ਕਾਰਵਾਈ ਲਈ 15 ਹਜ਼ਾਰ ਲੜਾਕੇ ਭੇਜੇ ਹਨ।



