1992 ‘ਚ ਨਾਜਾਇਜ਼ ਹੀ ਮਾਰ ਦਿੱਤੇ 2 ਨੌਜਵਾਨ, 33 ਸਾਲ ਬਾਅਦ 2 ਸਾਬਕਾ ਥਾਣੇਦਾਰ ਦੋਸ਼ੀ ਕਰਾਰ
ਮੋਹਾਲੀ (ਵੀਓਪੀ ਬਿਊਰੋ) 1992, Punjab police, crime
1992 ਵਿੱਚ ਤਤਕਾਲੀ ਪੁਲਿਸ ਨੇ ਇੱਕ ਨਾਬਾਲਿਗ ਮੁੰਡੇ ਅਤੇ ਇੱਕ ਫੌਜੀ (ਜੋ ਕਿ ਛੁੱਟੀ ਕੱਟਣ ਘਰ ਆਇਆ ਹੋਇਆ ਸੀ) ਨੂੰ ਇੱਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਇਸ ਤੋਂ ਬਾਅਦ ਪੀੜਤ ਪਰਿਵਾਰ 33 ਸਾਲ ਇਨਸਾਫ ਲਈ ਕਾਨੂੰਨ ਦੀ ਲੜਾਈ ਲੜਦਾ ਰਿਹਾ ਅਤੇ ਹੁਣ ਜਾ ਕੇ ਉਨ੍ਹਾਂ ਨੂੰ ਇਨਸਾਫ ਮਿਲਿਆ।
ਸਾਲ 1992 ਨਾਲ ਸੰਬੰਧਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਸੀਬੀਆਈ ਦੀ ਮੋਹਾਲੀ ਸਥਿਤ ਅਦਾਲਤ ਨੇ ਦੋ ਤਤਕਾਲੀ ਪੁਲਿਸ ਮੁਲਾਜ਼ਮਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋਸ਼ੀਆਂ ਦੀ ਪਛਾਣ ਪਰਸ਼ੋਤਮ ਸਿੰਘ( ਤਤਕਾਲੀ ਥਾਣੇਦਾਰ ਮਜੀਠਾ) ਅਤੇ ਗੁਰਭਿੰਦਰ ਸਿੰਘ ਤਤਕਾਲੀ ਏਐਸਆਈ ਵਜੋਂ ਹੋਈ ਹੈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਸਾਰੀਆਂ ਦਲੀਲਾਂ ਨੂੰ ਵਾਚਣ ਤੋਂ ਬਾਅਦ ਇਹਨਾਂ ਲਈ ਸਜ਼ਾ ਦਾ ਫੈਸਲਾ 4 ਫਰਵਰੀ ਨੂੰ ਮੁਕਰਰ ਕਰਨ ਦਾ ਹੁਕਮ ਸੁਣਾਇਆ ਹੈ। ਵੇਰਵਿਆਂ ਅਨੁਸਾਰ ਇਨ੍ਹਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਣੀ ਬਾਸਰਕੇ ਦੇ ਫੌਜੀ ਜਵਾਨ ਬਲਦੇਵ ਸਿੰਘ ਦੇਬਾ ਨੂੰ ਚੁੱਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਬਾਅਦ ਵਿੱਚ ਉਸਦਾ ਝੂਠਾ ਪੁਲਿਸ ਮੁਕਾਬਲਾ ਦਿਖਾ ਦਿੱਤਾ।

ਪ੍ਰਾਪਤ ਵੇਰਵਿਆਂ ਅਨੁਸਾਰ ਦੇਬਾ ਫੌਜ ਵਿੱਚੋਂ ਛੁੱਟੀ ਆਇਆ ਹੋਇਆ ਸੀ ਅਤੇ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਉਸਦਾ ਐਨਕਾਊਂਟਰ ਕਰ ਦਿੱਤਾ। ਦੂਜਾ ਮਾਮਲਾ ਵੀ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਿਤ ਹੈ, ਜਿਸ ਵਿੱਚ ਕਿਸੇ ਪੁਲਿਸ ਪਾਰਟੀ ਨੇ 16 ਸਾਲ ਦੇ ਨਾਬਾਲਗ ਲਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਮਾਰ ਮੁਕਾਇਆ ਅਤੇ ਬਾਅਦ ਵਿੱਚ ਉਸਦਾ ਪੁਲਿਸ ਮੁਕਾਬਲਾ ਦਿਖਾ ਦਿੱਤਾ। ਲਖਵਿੰਦਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ। ਇਸ ਮਾਮਲੇ ਵਿੱਚ ਹੁਣ ਅਦਾਲਤ 4 ਫਰਵਰੀ ਨੂੰ ਦੋਵਾਂ ਤਤਕਾਲੀ/ਸਾਬਕਾ ਪੁਲਿਸ ਅਧਿਕਾਰੀਆਂ ਲਈ ਸਜ਼ਾ ਦਾ ਫਰਮਾਨ ਸੁਣਾਏਗੀ।




