ਖਾਲੀ ਪੇਟ ਖਾਧੀ ਦਵਾਈ, ਫਿਰ ਉਮਰ ਘੱਟ ਕਰਨ ਵਾਲਾ ਲਾਇਆ ਟੀਕਾ, ਤਾਂ ਹੋਈ “ਕਾਂਟਾ ਲਗਾ ਗਰਲ” ਦੀ ਮੌ+ਤ
ਮੁੰਬਈ (ਵੀਓਪੀ ਬਿਊਰੋ) ਅਦਾਕਾਰਾ ਸ਼ੇਫਾਲੀ ਜਰੀਵਾਲਾ ਦੀ ਮੌਤ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵਧਦੀ ਉਮਰ ਦੇ ਅਸਰਾਂ ਨੂੰ ਰੋਕਣ ਵਾਲੀਆਂ ਗੋਲੀਆਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈ ਰਹੀ ਸੀ ਅਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰਨ ਨਾਲ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਹੋ ਸਕਦਾ ਹੈ। ਸ਼ੇਫ਼ਾਲੀ ਦਾ 27 ਜੂਨ ਦੀ ਰਾਤ ਨੂੰ ਦਿਹਾਂਤ ਹੋ ਗਿਆ ਸੀ।
ਰੀਮਿਕਸ ਗੀਤ ‘ਕਾਂਟਾ ਲਗਾ’ ’ਚ ਅਪਣੀ ਆਕਰਸ਼ਕ ਭੂਮਿਕਾ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਅਤੇ ਕਈ ਰਿਐਲਿਟੀ ਸ਼ੋਅ ’ਚ ਨਜ਼ਰ ਆਈ ਜ਼ਰੀਵਾਲਾ (42) ਨੂੰ ਸ਼ੁਕਰਵਾਰ ਰਾਤ 11:15 ਵਜੇ ਉਸ ਦੇ ਅਦਾਕਾਰ ਪਤੀ ਪਰਾਗ ਤਿਆਗੀ ਅੰਧੇਰੀ ਦੇ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੂੰ ਸਨਿਚਰਵਾਰ ਸਵੇਰੇ 1 ਵਜੇ ਸੂਚਿਤ ਕੀਤਾ ਗਿਆ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿਤਾ ਗਿਆ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਸ਼ੁਕਰਵਾਰ ਨੂੰ ਅਪਣੇ ਘਰ ’ਚ ਪੂਜਾ ਕਾਰਨ ਵਰਤ ਰੱਖ ਰਹੀ ਸੀ ਅਤੇ ਖਾਲੀ ਪੇਟ ਵੱਖ-ਵੱਖ ਦਵਾਈਆਂ ਖਾਣ ਨਾਲ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ, ਜਿਸ ਕਾਰਨ ਉਹ ਜ਼ਮੀਨ ਉਤੇ ਡਿੱਗ ਗਈ। ਅਧਿਕਾਰੀ ਨੇ ਦਸਿਆ ਕਿ ਉਸ ਨੇ ਉਸ ਦੁਪਹਿਰ ਨੂੰ ਵਧਦੀ ਉਮਰ ਦੇ ਅਸਰ ਘਟਾਉਣ ਲਈ ਟੀਕਾ ਲਗਾਇਆ ਸੀ ਅਤੇ ਰਾਤ ਨੂੰ ਗੋਲੀਆਂ ਦੀ ਆਮ ਖੁਰਾਕ ਵੀ ਲਈ ਸੀ।
ਪੁਲਿਸ ਅਧਿਕਾਰੀ ਨੇ ਕਿਹਾ, ‘‘ਉਸ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਅਤੇ ਉਹ ਕੰਬਣ ਲੱਗੀ, ਜਿਸ ਤੋਂ ਬਾਅਦ ਪਰਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।’’ ਅਧਿਕਾਰੀ ਨੇ ਦਸਿਆ ਕਿ ਅੰਬੋਲੀ ਪੁਲਿਸ ਨੇ ਹੁਣ ਤਕ ਉਸ ਦੇ ਪਤੀ, ਮਾਪਿਆਂ ਅਤੇ ਘਰੇਲੂ ਸਹਾਇਕ ਸਮੇਤ 10 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ, ਜੋ ਸਾਰੇ ਉਸ ਸਮੇਂ ਘਰ ਵਿਚ ਮੌਜੂਦ ਸਨ, ਹਾਲਾਂਕਿ ਅਜੇ ਤਕ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਜਾਂਚ ਦੇ ਹਿੱਸੇ ਵਜੋਂ, ਫੋਰੈਂਸਿਕ ਵਿਗਿਆਨ ਮਾਹਰਾਂ ਦੇ ਨਾਲ ਪੁਲਿਸ ਦੀ ਇਕ ਟੀਮ ਉਸ ਦੇ ਘਰ ਗਈ ਸੀ ਅਤੇ ਉਸ ਦੀਆਂ ਦਵਾਈਆਂ ਅਤੇ ਟੀਕੇ ਸਮੇਤ ਕਈ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ ਸਨ। ਅਧਿਕਾਰੀ ਨੇ ਦਸਿਆ ਕਿ ਉਸ ਦੀ ਮੌਤ ਦੇ ਸਬੰਧ ’ਚ ਹਾਦਸਾਗ੍ਰਸਤ ਮੌਤ ਦੀ ਰੀਪੋਰਟ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।






