ਪਾਕਿਸਤਾਨ ਦੇ ਕਬਜ਼ੇ ‘ਚ ਅੰਮ੍ਰਿਤਪਾਲ
ਵੀਓਪੀ ਬਿਊਰ – ਭਾਰਤੀ ਪੰਜਾਬ ਦਾ ਇੱਕ ਕਿਸਾਨ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਹੈ। ਅੰਮ੍ਰਿਤਪਾਲ ਸਿੰਘ ਨਾਂਅ ਦਾ ਇਹ ਕਿਸਾਨ ਸਰਹੱਦ ਪਾਰ ਖੇਤਾਂ ਵਿੱਚ ਖੇਤੀ ਕਰਨ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੇ ਪਿੰਡ ਖੈਰੇਕੇ ਉਤਾੜ ਦਾ ਰਹਿਣ ਵਾਲਾ ਕਿਸਾਨ ਅੰਮ੍ਰਿਤਪਾਲ ਸਿੰਘ 21 ਜੂਨ ਨੂੰ ਸਰਹੱਦ ‘ਤੇ ਕੰਡਿਆਲੀ ਤਾਰ ਦੇ ਪਾਰ ਖੇਤ ਵਿੱਚ ਖੇਤੀ ਕਰਨ ਗਿਆ ਸੀ। ਉੱਥੋਂ ਉਹ ਅਚਾਨਕ ਪਾਕਿਸਤਾਨ ਵਿੱਚ ਦਾਖਲ ਹੋ ਗਿਆ। ਪਰਿਵਾਰ ਅਤੇ ਬੀਐਸਐਫ ਨੇ ਉਸਦੀ ਬਹੁਤ ਭਾਲ ਕੀਤੀ। ਬੀਐਸਐਫ ਅਧਿਕਾਰੀਆਂ ਨੇ ਤਿੰਨ ਵਾਰ ਪਾਕਿਸਤਾਨੀ ਰੇਂਜਰਾਂ ਨਾਲ ਫਲੈਗ ਮੀਟਿੰਗਾਂ ਕੀਤੀਆਂ।
ਰੇਂਜਰਾਂ ਨੇ ਕਿਹਾ ਕਿ ਅੰਮ੍ਰਿਤਪਾਲ ਉਨ੍ਹਾਂ ਦੀ ਹਿਰਾਸਤ ਵਿੱਚ ਨਹੀਂ ਹੈ। 27 ਜੂਨ ਨੂੰ ਪਾਕਿ ਰੇਂਜਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਪਾਕਿਸਤਾਨ ਪੁਲਿਸ ਦੀ ਹਿਰਾਸਤ ਵਿੱਚ ਹੈ। ਹੁਣ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਨਾਲ ਸੰਪਰਕ ਕਰਨ ਅਤੇ ਅੰਮ੍ਰਿਤਪਾਲ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਪੀੜਤ ਪਰਿਵਾਰ ਤੋਂ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਨੂੰ ਭਾਰਤ ਲਿਆਉਣ ਲਈ ਯਤਨ ਕਰ ਰਹੀ ਹੈ। ਅੰਮ੍ਰਿਤਪਾਲ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ।





