ਸਰਕਾਰ ਦੀ ਸਖਤੀ ਤੋਂ ਬਾਅਦ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼
ਅੰਮ੍ਰਿਤਸਰ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚੌਕਾਂ ਤੇ ਹੋਰ ਜਨਤਕ ਥਾਵਾਂ ‘ਤੇ ਹੋ ਰਹੀ ਬੱਚਿਆਂ ਦੀ ਭੀਖ ਮੰਗਵਾਈ ਖ਼ਿਲਾਫ਼ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਿਸ਼ਾ ਵਿੱਚ ਅੰਮ੍ਰਿਤਸਰ ਵਿੱਚ ਬੱਚਿਆਂ ਦੀ ਭੀਖ ਮੰਗਵਾਉਣ ਵਾਲੀ ਰੈਕੇਟ ਖ਼ਿਲਾਫ਼ ਪਹਿਲਾ ਕੇਸ ਦਰਜ ਕਰਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਜੋ ਕਿ ਬੱਚਿਆਂ ਦੀ ਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੁਹਿੰਮ ਦੀ ਨਿਗਰਾਨੀ ਮਿਸ ਗੁੰਜੀਤ ਰੁਚੀ ਬਾਵਾ, ਉਪ-ਚੇਅਰਪਰਸਨ, ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਆਯੋਗ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਰੈਸਕਿਊ ਓਪਰੇਸ਼ਨ ਦੌਰਾਨ ਕਈ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲਿਆਂ ਦੇ ਚੰਗੁਲ ਤੋਂ ਬਚਾਇਆ ਗਿਆ।

ਇਹ ਕਾਰਵਾਈ “ਪ੍ਰੋਜੈਕਟ ਜੀਵਨਜੋਤ” ਦੇ ਤਹਿਤ ਕੀਤੀ ਗਈ ਹੈ | ਇੱਕ ਮੁਹਿੰਮ ਜੋ ਪੰਜਾਬ ਦੇ ਬੇਸਹਾਰਾ ਬੱਚਿਆਂ ਨੂੰ ਇੱਜ਼ਤਦਾਰ ਜੀਵਨ ਅਤੇ ਉਨ੍ਹਾਂ ਦੇ ਅਧਿਕਾਰ ਮੁਹੱਈਆ ਕਰਵਾਉਣ ਉੱਤੇ ਕੇਂਦਰਤ ਹੈ। ਬਚਾਏ ਗਏ ਬੱਚਿਆਂ ਨੂੰ ਸਰਕਾਰੀ ਸੰਸਥਾਵਾਂ ਚਿਲਡਰਨ ਹੋਮ, ਰਾਜਪੁਰਾ ਅਤੇ ਨਾਰੀ ਨਿਕੇਤਨ, ਜਲੰਧਰ ‘ਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸੰਭਾਲ, ਸਲਾਹ-ਮਸ਼ਵਰਾ, ਸਿੱਖਿਆ ਅਤੇ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਸਭ ਕੁਝ ਜੂਵੈਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ ਦੇ ਅਧੀਨ ਕੀਤਾ ਗਿਆ ਹੈ।




