ਸੁਖਬੀਰ ਬਾਦਲ ਨੇ ਕੇਜਰੀਵਾਲ ‘ਤੇ ਕੇਸ ਕਰਨ ਦੀ ਕੀਤੀ ਮੰਗ, ਕਿਹਾ- ਬੇਅਦਬੀ ਦੇ ਦੋਸ਼ੀ ਨੂੰ ਬਚਾਇਆ

ਸੁਖਬੀਰ ਬਾਦਲ ਨੇ ਕੇਜਰੀਵਾਲ ‘ਤੇ ਕੇਸ ਕਰਨ ਦੀ ਕੀਤੀ ਮੰਗ, ਕਿਹਾ- ਬੇਅਦਬੀ ਦੇ ਦੋਸ਼ੀ ਨੂੰ ਬਚਾਇਆ

ਬਠਿੰਡਾ (ਵੀਓਪੀ ਬਿਊਰੋ) ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਇਸ ਸਮੇਂ ਤਾਂ ਪੰਜਾਬ ਸਰਕਾਰ ਬੇਅਦਬੀ ਖਿਲਾਫ਼ ਸਖਤ ਕਾਨੂੰਨ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ। ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਪਾਰਟੀ ਵਿਧਾਇਕ ਨਰੇਸ਼ ਯਾਦਵ ਨੂੰ ਕਲੀਨ ਚਿੱਟ ਦਿਵਾਉਣ ਦੀ ਕੋਸ਼ਿਸ਼ ਕਰਨ ਲਈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਯਾਦਵ ਨੂੰ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਲਈ ਦੋਸ਼ੀ ਠਹਿਰਾਇਆ ਗਿਆ ਸੀ, ਦਿੱਲੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਨੇ ਯਾਦਵ ਨੂੰ ਦਿੱਲੀ ਦੇ ਮਹਿਰੌਲੀ ਤੋਂ ਪਾਰਟੀ ਦਾ ਉਮੀਦਵਾਰ ਬਣਾ ਕੇ ਸ਼ਹਿ ਦਿੱਤੀ ਸੀ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਕੈਬਨਿਟ ਮੰਤਰੀਆਂ ਹਰਪਾਲ ਚੀਮਾ ਤੇ ਹਰਜੋਤ ਬੈਂਸ ਦੇ ਖ਼ਿਲਾਫ਼ ਆਪਣੀ ਹੀ ਪਾਰਟੀ ਦੇ ਇਕ ਬੇਅਦਬੀ ਦੇ ਦੋਸ਼ੀ ਨੂੰ ਜਾਣਬੁੱਝ ਕੇ ਬਚਾਉਣ ਲਈ ਕਾਰਵਾਈ ਕਰਕੇ ਉਨ੍ਹਾਂ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਦੇ ਦੋ ਸੀਨੀਅਰ ਨੇਤਾਵਾਂ ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਜੋ ਵਿਧਾਨ ਸਭਾ ’ਚ ਅਤੇ ਬਾਹਰ ਮੰਨਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕੀਤੀ ਅਤੇ ਇੱਥੋਂ ਤੱਕ ਕਿ ਮੁਲਜ਼ਮਾਂ ਨੂੰ ਬਚਾਇਆ, ਜੇ ਇਹ ਦੋਵੇਂ ਨੇਤਾ ਸੱਚਾ ਸਿੱਖ ਹਨ ਅਤੇ ਆਪਣੇ ਦਾਅਵੇ ਅਨੁਸਾਰ ਸੱਚਾਈ ’ਤੇ ਕਾਇਮ ਹਨ ਤਾਂ ਉਹ ਉਨ੍ਹਾਂ ਕਾਂਗਰਸੀ ਆਗੂਆਂ ਦੇ ਨਾਂ ਦੱਸਣ ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਸੀ। ਜੇ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਇਹ ਮੰਨਿਆ ਜਾਵੇਗਾ ਕਿ ਇਨ੍ਹਾਂ ਅਪਰਾਧਾਂ ਵਿਚ ਉਨ੍ਹਾਂ ਦਾ ਵੀ ਹੱਥ ਸੀ।

error: Content is protected !!